ਜਗਮੋਹਨ ਸਿੰਘ
ਰੂਪਨਗਰ, 1 ਜੁਲਾਈ
ਪਿੰਡ ਰੋਡਮਾਜਰਾ ਚੱਕਲਾਂ ਨੇੜੇ ਕੌਮੀ ਮਾਰਗ ’ਤੇ ਤੇਜ਼ ਰਫਤਾਰ ਬੀਐੱਮਡਬਲਿਊ ਤੇ ਮਾਰੂਤੀ ਸਿਆਜ਼ ਦੀ ਟੱਕਰ ਹੋ ਗਈ, ਜਿਸ ਕਾਰਨ ਸਿਆਜ਼ ਕਾਰ ਵਿੱਚ ਸਵਾਰ ਦੋ ਔਰਤਾਂ ਦੀ ਮੌਤ ਹੋ ਗਈ ਤੇ ਚਾਰ ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਥਾਣਾ ਸਿੰਘ ਭਗਵੰਤਪੁਰ ਦੀ ਪੁਲੀਸ ਨੇ ਜ਼ਖ਼ਮੀ ਹੋਏ ਮੁਕੇਸ਼ ਕੁਮਾਰ ਖੰਡੇਲਵਾਲ ਵਾਸੀ ਨਵੀਂ ਦਿੱਲੀ ਦੇ ਬਿਆਨਾਂ ਦੇ ਆਧਾਰ ’ਤੇ ਬੀਐੱਮਡਬਲਿਊ ਦੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਹਰਪ੍ਰੀਤ ਸਿੰਘ ਮਾਹਲ ਨੇ ਦੱਸਿਆ ਕਿ ਮੁਕੇਸ਼ ਖੰਡੇਲਵਾਲ ਦੀ ਲੜਕੀ ਲਾਲ ਬਹਾਦਰ ਮੈਡੀਕਲ ਕਾਲਜ ਮੰਡੀ ਵਿਚ ਡਾਕਟਰ ਵਜੋਂ ਤਾਇਨਾਤ ਹੈ ਤੇ ਉਹ ਆਪਣੀ ਲੜਕੀ ਨੂੰ ਮਿਲਣ ਉਪਰੰਤ ਪਰਿਵਾਰ ਤੇ ਦੋਸਤ ਨਾਲ ਪਰਤ ਰਿਹਾ ਸੀ ਕਿ ਪਿੱਛੋਂ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਪਤਨੀ ਪਿੰਕੀ ਅਤੇ ਭੈਣ ਮੰਜੂ ਨੂੰ ਮ੍ਰਿਤਕ ਐਲਾਨ ਦਿੱਤਾ।
ਮਹਿਲ ਕਲਾਂ (ਨਵਕਿਰਨ ਸਿੰਘ) ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਬੱਸ ਅਤੇ ਟਰੱਕ ਦੀ ਟੱਕਰ ਕਾਰਨ ਬੱਸ ਡਰਾਈਵਰ ਦੀ ਮੌਤ ਹੋ ਗਈ ਜਦਕਿ ਟਰੱਕ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ। ਇਸ ਟੱਕਰ ਕਾਰਨ ਅੱਧੀ ਦਰਜਨ ਸਵਾਰੀਆਂ ਜ਼ਖਮੀ ਹੋ ਗਈਆਂ। ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਦੀ ਸਲੀਪਰ ਬੱਸ ਜੈਪੁਰ ਤੋਂ ਲੁਧਿਆਣਾ ਆ ਰਹੀ ਸੀ ਕਿ ਮਹਿਲ ਕਲਾਂ ਟੌਲ ਪਲਾਜ਼ਾ ਤੋਂ ਅੱਗੇ ਨਿਹਾਲੂਵਾਲਾ ਨੇੜੇ ਉਸ ਦੀ ਟਰੱਕ ਨਾਲ ਟੱਕਰ ਹੋ ਗਈ।
ਸ਼ਰਧਾਲੂਆਂ ’ਤੇ ਬੱਸ ਚੜ੍ਹੀ; ਇੱਕ ਹਲਾਕ
ਸ੍ਰੀ ਫ਼ਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ): ਸਰਹਿੰਦ-ਪਟਿਆਲਾ ਮਾਰਗ ’ਤੇ ਭਾਖੜਾ ਨਹਿਰ ਨੇੜੇ ਵਾਪਰੇ ਸੜਕ ਹਾਦਸੇ ’ਚ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ। ਇਹ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਪੈਦਲ ਆ ਰਹੇ ਸਨ ਕਿ ਪਿੰਡ ਆਦਮਪੁਰ ਨੇੜੇ ਭਾਖੜਾ ਨਹਿਰ ਦੇ ਪੁਲ ਕੋਲ ਤੇਜ਼ ਰਫਤਾਰ ਬੱਸ ਨੇ ਉਨ੍ਹਾਂ ਨੂੰ ਪਿੱਛੋਂ ਟੱਕਰ ਮਾਰੀ ਦਿੱਤੀ। ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਬੱਸ ਦਾ ਚਾਲਕ ਅਤੇ ਕੰਡਕਟਰ ਹਾਦਸੇ ਉਪਰੰਤ ਫਰਾਰ ਹੋ ਗਏ ਹਨ।