ਪਾਲ ਸਿੰਘ ਨੌਲੀ
ਜਲੰਧਰ, 7 ਫਰਵਰੀ
ਨਕੋਦਰ ਵਿਧਾਨ ਸਭਾ ਹਲਕੇ ਨੂੰ ਪੇਂਡੂ ਸੁਭਾਅ ਵਾਲੇ ਹਲਕੇ ਵਜੋਂ ਜਾਣਿਆ ਜਾਂਦਾ ਹੈ। ਨਕੋਦਰ ਕਸਬਾ ਕਿਸੇ ਵੇਲੇ ਸਨਅਤ ਕਰਕੇ ਵੀ ਮਸ਼ਹੂਰ ਹੁੰਦਾ ਸੀ। ਸਿਨੇਮਿਆਂ ਵਿਚ ਲੱਗਣ ਵਾਲੇ ਪ੍ਰਾਜੈਕਟਰ ਵੀ ਇਸ ਕਸਬੇ ਵਿਚ ਬਣਦੇ ਸਨ। ਸਰਕਾਰਾਂ ਦੀਆਂ ਬੇਰੁਖ਼ੀਆਂ ਕਰਕੇ ਹੁਣ ਸਨਅਤ ਇੱਥੋਂ ਉੱਜੜ ਗਈ ਹੈ। ਟਾਵੀਂ-ਟਾਵੀਂ ਬਚੀ ਸਨਅਤ ਵੀ ਸਹਿਕ ਰਹੀ ਹੈ। ਨਕੋਦਰ ਕਦੇ ਦਰੀਆਂ ਬੁਣਨ ਵਿਚ ਵੀ ਮਸ਼ਹੂਰ ਹੁੰਦਾ ਸੀ। ਇੱਥੇ ਲੋਕ ਘਰਾਂ ਵਿਚ ਖੱਡੀਆਂ ਲਾ ਕੇ ਦਰੀਆਂ ਬੁਣਦੇ ਸਨ। ਦਵਾਈਆਂ, ਟੌਫੀਆਂ ਅਤੇ ਗੋਲੀਆਂ ਬਣਾਉਣ ਦੀਆਂ ਮਸ਼ੀਨਾਂ ਵੀ ਨਕੋਦਰ ਵਿਚ ਬਣਦੀਆਂ ਰਹੀਆਂ ਹਨ। ਨਕੋਦਰ ਨੇੜਲੇ ਬੀਰ ਪਿੰਡ ਵਿਚ ਹੁਣ ਪਰਾਲੀ ਤੋਂ ਬਿਜਲੀ ਬਣਾਉਣ ਦਾ ਪ੍ਰਾਜੈਕਟ ਚੱਲ ਰਿਹਾ ਹੈ। ਸ਼ੰਕਰ ਪਿੰਡ ਦੀ ਛਿੰਝ ਬਹੁਤ ਮਸ਼ਹੂਰ ਹੈ। ਨੂਰਮਹਿਲ ਕਸਬਾ ਵੀ ਲੰਮਾ-ਚੌੜਾ ਇਤਿਹਾਸ ਸਾਂਭੀ ਬੈਠਾ ਹੈ। ਨਕੋਦਰ ਹਲਕੇ ਨੇ 1980 ਵਿਚ ਪੰਜਾਬ ਨੂੰ ਦਰਬਾਰਾ ਸਿੰਘ ਦੇ ਰੂਪ ਵਿਚ ਮੁੱਖ ਮੰਤਰੀ ਦਿੱਤਾ ਸੀ। ਕਾਂਗਰਸੀ ਆਗੂ ਦਰਬਾਰਾ ਸਿੰਘ ਨੇ ਉਦੋਂ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਹਰਾਇਆ ਸੀ। 1985 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੁਲਦੀਪ ਸਿੰਘ ਵਡਾਲਾ ਚੋਣ ਜਿੱਤ ਗਏ ਸਨ। ਹੁਣ ਇਸ ਹਲਕੇ ਦੀ ਨੁਮਾਇੰਦਗੀ ਪਿਛਲੇ ਦਸਾਂ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਕਰ ਰਹੇ ਹਨ। ਗੁਰਪ੍ਰਤਾਪ ਸਿੰਘ ਵਡਾਲਾ 2012 ਵਿਚ ਪਹਿਲੀ ਵਾਰ ਕਾਂਗਰਸ ਦੇ ਲਗਾਤਾਰ ਚਾਰ ਵਾਰ ਬਣੇ ਵਿਧਾਇਕ ਅਮਰਜੀਤ ਸਿੰਘ ਸਮਰਾ ਨੂੰ ਹਰਾ ਕੇ ਜਿੱਤੇ ਸਨ। ਮੁੜ ਉਹ 2017 ਵਿਚ ‘ਆਪ’ ਦੇ ਸਰਵਣ ਸਿੰਘ ਹੇਅਰ ਨੂੰ ਹਰਾ ਕੇ ਚੋਣ ਜਿੱਤੇ ਸਨ।
2009 ਵਿਚ ਵਿਧਾਨ ਸਭਾ ਹਲਕਿਆਂ ਦੇ ਹੋਏ ਪੁਨਰਗਠਨ ਦੌਰਾਨ ਨੂਰਮਹਿਲ ਕਸਬਾ ਨਕੋਦਰ ਵਿਧਾਨ ਸਭਾ ਹਲਕੇ ਵਿਚ ਸ਼ਾਮਲ ਕਰ ਦਿੱਤਾ ਗਿਆ ਸੀ। ਇਸ ਹਲਕੇ ਵਿਚੋਂ ਸਨਅਤੀ ਸ਼ਹਿਰ ਗੁਰਾਇਆ ਅਤੇ ਬੜਾ ਪਿੰਡ ਨੂੰ ਕੱਢ ਕੇ ਫਿਲੌਰ ਨਾਲ ਜੋੜ ਦਿੱਤਾ ਗਿਆ ਸੀ। ਨਕੋਦਰ ਨਗਰ ਕੌਂਸਲ ਸੀਵਰੇਜ, ਠੋਸ ਕੂੜੇ ਅਤੇ ਟੁੱਟੀਆਂ ਸੜਕਾਂ ਨਾਲ ਲੰਮਾ ਸਮਾਂ ਜੂਝਦੀ ਰਹੀ। ਸਰਕਾਰੀ ਹਸਪਤਾਲ ਲੰਮੇ ਸਮੇਂ ਤੋਂ ਅਪਗ੍ਰੇਡ ਨਹੀਂ ਕੀਤਾ ਗਿਆ। ਚਾਰ ਦਹਾਕੇ ਪਹਿਲਾਂ ਬਣਿਆ ਇੱਥੋਂ ਦਾ ਬੱਸ ਅੱਡਾ ਵੀ ਖਸਤਾ ਹਾਲਤ ਵਿੱਚ ਹੈ। ਬੱਸ ਅੱਡੇ ਦੀ ਜ਼ਮੀਨ ਸਬੰਧੀ ਪੰਜਾਬ ਵਕਫ ਬੋਰਡ ਤੇ ਨਗਰ ਕੌਂਸਲ ਵਿਚ ਲੰਮੇ ਸਮੇਂ ਤੋਂ ਕੇਸ ਚੱਲਦਾ ਆ ਰਿਹਾ ਸੀ। ਇਹ ਕੇਸ ਨਗਰ ਕੌਂਸਲ ਨੇ ਜਿੱਤ ਲਿਆ ਹੈ ਪਰ ਅਜੇ ਬੱਸ ਅੱਡੇ ਦੀ ਹਾਲਤ ਸੁਧਾਰਨ ਲਈ ਕੋਈ ਬਲਿਊ ਪ੍ਰਿੰਟ ਨਹੀਂ ਬਣਿਆ। ਹਲਕੇ ਵਿਚ 160 ਦੇ ਕਰੀਬ ਪਿੰਡ ਹਨ। ਨਕੋਦਰ ਵਿਚਲੇ ਦੋ ਵੱਡੇ ਧਾਰਮਿਕ ਡੇਰਿਆਂ ਬਾਪੂ ਲਾਲ ਬਾਦਸ਼ਾਹ ਦਾ ਦਰਬਾਰ ਅਤੇ ਡੇਰਾ ਬਾਬਾ ਮੁਰਾਦ ਸ਼ਾਹ ਦੀ ਕਾਫੀ ਮਾਨਤਾ ਹੈ।
ਜਲੰਧਰ-ਬਾਈਪਾਸ ਤੋਂ ਲੈ ਕੇ ਮਹਿਤਪੁਰ ਰੋਡ ਤੱਕ ਸੀਵਰੇਜ ਪ੍ਰਾਜੈਕਟ ਨੂੰ ਲੈ ਕੇ ਸੜਕਾਂ ਪਿਛਲੇ ਲੰਮੇ ਸਮੇਂ ਤੋਂ ਪੁੱਟੀਆਂ ਹੋਈਆਂ ਹਨ ਪਰ ਉਨ੍ਹਾਂ ਨੂੰ ਦੁਬਾਰਾ ਨਾ ਬਣਾਉਣ ਕਰਕੇ ਲੋਕਾਂ ਨੂੰ ਉਥੋਂ ਲੰਘਣ ਵਿਚ ਵੱਡੀ ਸਮੱਸਿਆ ਆਉਂਦੀ ਹੈ। ਬਾਈਪਾਸ ਵਾਲੀ ਸਾਰੀ ਟ੍ਰੈਫਿਕ ਸ਼ਹਿਰ ਦੇ ਵਿਚੋਂ ਸਬਜ਼ੀ ਮੰਡੀ ਰਾਹੀਂ ਲੰਘਦੀ ਹੋਣ ਕਰਕੇ ਉਥੇ ਸਾਰਾ ਦਿਨ ਜਾਮ ਲੱਗੇ ਰਹਿੰਦੇ ਹਨ।
ਹਲਕੇ ਦੀ ਨੁਮਾਇੰਦਗੀ ਕਰ ਰਹੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਵਿਰੋਧੀ ਧਿਰ ਦਾ ਵਿਧਾਇਕ ਹੋਣ ਕਰਕੇ ਫੰਡ ਦੇਣ ਦੇ ਮਾਮਲੇ ਵਿਚ ਉਨ੍ਹਾਂ ਨਾਲ ਵਿਤਕਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ 2012 ਤੋਂ 2017 ਤੱਕ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਉਨ੍ਹਾਂ ਨੂੰ ਜਿਹੜੇ ਫੰਡ ਦਿੱਤੇ ਗਏ ਸਨ, ਉਹੀ ਅਜੇ ਤੱਕ ਖਰਚ ਨਹੀਂ ਹੋ ਰਹੇ। ਇੱਥੇ ਬਣੇ ਸਰਕਾਰੀ ਡਿਗਰੀ ਕਾਲਜ ਨੂੰ ਉਨ੍ਹਾਂ ਬੜੀ ਮੁਸ਼ਕਲ ਨਾਲ ਚਲਾਇਆ ਹੈ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਇੰਦਰਜੀਤ ਕੌਰ ਮਾਨ ਦਾ ਕਹਿਣਾ ਹੈ ਕਿ ਨਕੋਦਰ ਹਲਕੇ ਨੂੰ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਵਿਸਾਰੀ ਰੱਖਿਆ ਹੈ। ਇੱਥੇ ਦੋਹਾਂ ਪਾਰਟੀਆਂ ਨੇ ਵਿਕਾਸ ਨਹੀਂ ਹੋਣ ਦਿੱਤਾ।
ਕਾਂਗਰਸੀ ਉਮੀਦਵਾਰ ਡਾ. ਨਵਜੋਤ ਸਿੰਘ ਦਾਹੀਆ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਨਕੋਦਰ ਹਲਕੇ ਦਾ ਦੌਰਾ ਕੀਤਾ ਸੀ। 2022 ਦੀਆਂ ਚੋਣਾਂ ਲਈ ਚੰਨੀ ਹੁਣ ਜਦੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਗਏ ਹਨ ਤਾਂ ਇਸ ਦਾ ਸਭ ਤੋਂ ਵੱਡਾ ਅਸਰ ਦੋਆਬੇ ਵਿਚ ਪਵੇਗਾ।