ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 28 ਜਨਵਰੀ
ਕਾਂਗਰਸ ਪਾਰਟੀ ਦੇ ਫ਼ਤਹਿਗੜ੍ਹ ਸਾਹਿਬ ਹਲਕੇ ਤੋਂ ਉਮੀਦਵਾਰ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਬਲਾਕ ਖੇੜਾ ਦੇ ਬਡਾਲੀ ਆਲਾ ਸਿੰਘ ਵਿਚ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਉਹ ਪਰਿਵਾਰ ਸਣੇ ਦਿਨ ਰਾਤ ਮਿਹਨਤ ਕਰਦੇ ਰਹੇ ਹਨ, ਇਸ ਲਈ ਪਾਰਟੀ ਨੇ ਇਕ ਵਾਰ ਫ਼ਿਰ ਉਸ ਨੂੰ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਰਹਿੰਦੇ ਸੁਫ਼ਨੇ ਪੂਰਾ ਕਰਨ ਅਤੇ ਹਲਕੇ ਦਾ ਇਮਾਨਦਾਰੀ ਨਾਲ ਚਹੁੰ-ਪੱਖੀ ਵਿਕਾਸ ਲਈ ਉਨ੍ਹਾਂ ਨੂੰ ਕਾਮਯਾਬ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਕਾਂਗਰਸ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਰਿਆਇਤਾਂ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਪਿੰਡਾਂ ਅਤੇ ਸਹਿਰਾਂ ਦਾ ਵਗੈਰ ਕਿਸੇ ਭੇਦ-ਭਾਵ ਤੋਂ ਵਿਕਾਸ ਕਰਵਾਇਆ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੁਭਾਸ਼ ਸੂਦ, ਬਲਾਕ ਸੰਮਤੀ ਦੇ ਚੇਅਰਮੈਨ ਗੁਰਮੇਲ ਸਿੰਘ ਰਾਜਿੰਦਰਗੜ੍ਹ, ਮਾਰਕੀਟ ਕਮੇਟੀ ਸਰਹਿੰਦ ਦੇ ਉੱਪ ਚੇਅਰਮੈਨ ਬਲਵਿੰਦਰ ਸਿੰਘ ਮਾਵੀ ਆਦਿ ਮੌਜੂਦ ਸਨ।