ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 5 ਮਾਰਚ
ਇੱਥੇ ਦੇਰ ਸ਼ਾਮ ਪੁੱਜੇ ਨਗਰ ਕੀਰਤਨ ਦਾ ਸੰਗਤ ਨੇ ਭਰਵਾਂ ਸਵਾਗਤ ਕੀਤਾ। ਇਹ ਨਗਰ ਕੀਰਤਨ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਗੁਪਤਸਰ ਸਾਹਿਬ ਤੋਂ ਸਜਾਇਆ ਗਿਆ ਹੈ, ਜੋ ਭਲਕੇ ਐਤਵਾਰ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਪਹੁੰਚ ਕੇ ਸੰਪੂਰਨ ਹੋਵੇਗਾ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਦਾ ਮਾਝੇ ਦੀ ਧਰਤੀ ’ਤੇ ਪਹੁੰਚਣ ਉੱਤੇ ਸੰਗਤ ਨੇ ਭਰਵਾਂ ਸਵਾਗਤ ਕੀਤਾ। ਇੱਥੇ ਡੇਰਾ ਬਾਬਾ ਨਾਨਕ ਵਿੱਚ ਪਹਿਲੀ ਪਾਤਸ਼ਾਹੀ ਦੇ ਅੰਗ ਬਸਤਰਾਂ ਦਾ ਸਾਲਾਨਾ ਜੋੜ ਮੇਲਾ ਚੱਲ ਰਿਹਾ ਹੈ, ਜਿਸ ਕਰਕੇ ਦੂਰ-ਦੁਰੇਡੇ ਤੋਂ ਵੱਡੀ ਗਿਣਤੀ ਵਿੱਚ ਸੰਗਤ ਪੁੱਜੀ ਹੋਈ ਹੈ। ਇਹ ਮੇਲਾ 8 ਮਾਰਚ ਤੱਕ ਜਾਰੀ ਰਹੇਗਾ।
ਨਗਰ ਕੀਰਤਨ ਦੇ ਮੁੱਖ ਸੇਵਾਦਾਰ ਅਤੇ ਨਿਰੋਲ ਸੇਵਾ ਸੰਸਥਾ ਧੂੜਕੋਟ ਦੇ ਪ੍ਰਧਾਨ ਡਾ. ਜਗਦੀਪ ਸਿੰਘ ਸੋਢੀ ਨੇ ਦੱਸਿਆ ਕਿ ਨਗਰ ਕੀਰਤਨ ਵਿੱਚ ਹਰਿਮੰਦਰ ਸਾਹਿਬ ਅੰਮ੍ਰਿਤਸਰ, ਗੁਰਦੁਆਰਾ ਕਰਤਾਰਪੁਰ ਸਾਹਿਬ, ਗੁਰਦੁਆਰਾ ਨਨਕਾਣਾ ਸਾਹਿਬ ਦੇ ਮਾਡਲ ਸੰਗਤ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਸੇ ਤਰ੍ਹਾਂ ਕੁਝ ਇਤਿਹਾਸਕ ਝਾਕੀਆਂ ਨੂੰ ਵੀ ਕੌਮਾਂਤਰੀ ਨਗਰ ਕੀਰਤਨ ਦਾ ਹਿੱਸਾ ਬਣਾਇਆ ਗਿਆ ਹੈ। ਸ੍ਰੀ ਸੋਢੀ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲਾਂਘਾ ਖੁੱਲ੍ਹਣ ਮਗਰੋਂ ਇਹ ਪਹਿਲਾਂ ਨਗਰ ਕੀਰਤਨ ਹੈ। ਉਨ੍ਹਾਂ ਦੱਸਿਆ ਕਿ 6 ਮਾਰਚ ਨੂੰ ਵੱਡੀ ਗਿਣਤੀ ਵਿੱਚ ਸੰਗਤ ਖ਼ਾਲਸਾਈ ਜੈਕਾਰੇ ਲਗਾਉਂਦੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਵੇਗੀ। ਇਸੇ ਦੌਰਾਨ ਜੋੜ ਮੇਲੇ ’ਤੇ ਇੱਥੇ ਪੁੱਜੀ ਸੰਗਤ ਨੇ ਕੌਮਾਂਤਰੀ ਸੀਮਾ ’ਤੇ ਸਥਿਤ ਕੌਰੀਡੋਰ ਕੋਲ ਪਹੁੰਚ ਕੇ ਦੂਰਬੀਨ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ।