ਪੱਤਰ ਪ੍ਰੇਰਕ
ਚਮਕੌਰ ਸਾਹਿਬ, 25 ਅਕਤੂਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਅਦ ਦੁਪਹਿਰ ਸਜਾਏ ਨਗਰ ਕੀਰਤਨ ਨਾਲ ਦਸਹਿਰੇ ਦਾ ਜੋੜ ਮੇਲ ਅਮਨ-ਅਮਾਨ ਨਾਲ ਸਮਾਪਤ ਹੋਇਆ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਤੋਂ ਸਜਾਏ ਇਸ ਨਗਰ ਕੀਰਤਨ ਦੀ ਸ਼ੁਰੂਆਤ ਦੀ ਅਰਦਾਸ ਗਿਆਨੀ ਅਮਰੀਕ ਸਿੰਘ ਵੱਲੋਂ ਕੀਤੀ ਗਈ। ਨਗਰ ਕੀਰਤਨ ਦੇ ਅੱਗੇ ਸੁੰਦਰ ਬਾਣੇ ਵਿੱਚ ਸਜੇ ਮੀਰੀ-ਪੀਰੀ ਖ਼ਾਲਸਾ ਗੱਤਕਾ ਦਲ ਚਮਕੌਰ ਸਾਹਿਬ ਦੀ ਗੱਤਕਾ ਪਾਰਟੀ ਨੇ ਜੌਹਰ ਵਿਖਾਉਦੇਂ ਹੋਏ ਚੱਲ ਰਹੇ ਸਨ, ਜਦੋਂ ਕਿ ਇਨ੍ਹਾਂ ਪਿੱਛੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਸੁਸ਼ੋਭਿਤ ਸੁੰਦਰ ਪਾਲਕੀ ਅਤੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਦਾ ਕੀਰਤਨੀ ਜਥਾ ਕੀਰਤਨ ਕਰਦਾ ਹੋਇਆ ਚੱਲ ਰਿਹਾ ਸੀ ਅਤੇ ਨਗਰ ਕੀਰਤਨ ਵਿੱਚ ਚਮਕੌਰ ਸਾਹਿਬ ਤੋਂ ਇਲਾਵਾ ਪਿੰਡਾਂ ਦੀਆਂ ਕਈ ਧਾਰਮਿਕ ਸੁਸਾਇਟੀਆਂ ਦੇ ਮੈਂਬਰ ਵੀ ਸ਼ਾਮਲ ਸਨ।