ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਅਪਰੈਲ
ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨੱਕਾਸ਼ੀ ’ਚੋਂ ਡਿੱਗੇ ਨਗ ਦੇ ਮਾਮਲੇ ਵਿੱਚ ਗੁਰੂ ਘਰ ਦੇ ਪ੍ਰਬੰਧਕ ਮੁੜ ਚਰਚਾ ਵਿੱਚ ਹਨ। ਬੀਤੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਰਾਗੀਆਂ ਦੇ ਬੈਠਣ ਵਾਲੇ ਸਥਾਨ ’ਤੇ ਬਣੀ ਛੱਤ ਵਿੱਚੋਂ ਸਲ੍ਹਾਬ ਕਾਰਨ ਨੱਕਾਸ਼ੀ ਕੀਤਾ ਕੁਝ ਹਿੱਸਾ ਡਿੱਗ ਪਿਆ ਸੀ, ਜਿਸ ਵਿੱਚ ਇਹ ਨਗ ਵੀ ਸ਼ਾਮਲ ਸੀ। ਘਟਨਾ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਕਿ ਇਹ ਨਗ ਕੀਮਤੀ ਸੀ, ਜੋ ਹੁਣ ਗਾਇਬ ਹੋ ਗਿਆ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਅਤੇ ਵਧੀਕ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਬੀਤੀ 6 ਅਪਰੈਲ ਦੀ ਰਾਤ ਨੂੰ ਧੁਆਈ ਵੇਲੇ ਇਹ ਨਗ ਡਿੱਗਿਆ ਸੀ, ਜਿਸ ਨੂੰ ਡਿਊਟੀ ’ਤੇ ਹਾਜ਼ਰ ਫਰਾਸ ਵੱਲੋਂ ਸੰਭਾਲ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮੀਨਾਕਾਰੀ ਦੀ ਸੇਵਾ ਦੌਰਾਨ ਇਹ ਨਗ ਦੁਬਾਰਾ ਜੜ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਨੱਕਾਸ਼ੀ ਦੇ ਡਿੱਗੇ ਇਸ ਨਗ ਦੀ ਪਹਿਲਾਂ ਪ੍ਰਦੁੱਮਣ ਸਿੰਘ ਜਿਊਲਰਜ਼ ਫਰਮ ਕੋਲੋਂ ਤੇ ਫਿਰ ਇੰਡੀਅਨ ਜੈੱਮ ਸਟੋਨ ਲੈਬ ਤੋਂ ਜਾਂਚ ਕਰਵਾਈ ਗਈ ਹੈ। ਇਨ੍ਹਾਂ ਦੀਆਂ ਰਿਪੋਰਟਾਂ ਅਨੁਸਾਰ ਇਹ ਆਮ ਨਗ ਹੈ, ਪਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗਾ ਹੋਣ ਕਾਰਨ ਇਹ ਨਗ ਸਿੱਖ ਵਿਰਾਸਤ ਦਾ ਹਿੱਸਾ ਹੈ ਜਿਸ ਕਰ ਕੇ ਇਸ ਨੂੰ ਸੰਭਾਲ ਲਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਨੂੰ ਬੇਲੋੜਾ ਬਦਨਾਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਪ੍ਰਤੀਨਿਧ ਇੰਦਰਜੀਤ ਸਿੰਘ ਨੇ ਦੱਸਿਆ ਕਿ ਨੱਕਾਸ਼ੀ ਦਾ ਇਹ ਹਿੱਸਾ ਸਲ੍ਹਾਬ ਕਾਰਨ ਡਿੱਗਿਆ ਹੈ।