ਦਲੇਰ ਸਿੰਘ ਚੀਮਾ
ਭੁਲੱਥ, 26 ਫਰਵਰੀ
ਯੂਕਰੇਨ ਵਿਚ ਹਲਕਾ ਭੁਲੱਥ ਦੇ ਪਿੰਡ ਨਡਾਲਾ ਤੋਂ ਪੜ੍ਹਨ ਲਈ ਗਈ ਲੜਕੀ ਕੋਮਲਪ੍ਰੀਤ ਦੀ ਸੁਰੱਖਿਅਤ ਵਾਪਸੀ ਦੀ ਉਸ ਦੇ ਮਾਪਿਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ। ਕੋਮਲਪ੍ਰੀਤ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਬਾਰ੍ਹਵੀਂ ਕਰਨ ਮਗਰੋਂ ਉਨ੍ਹਾਂ ਦੀ ਧੀ ਸਾਲ 2019 ਵਿੱਚ ਐੱਮਬੀਬੀਐੱਸ ਕਰਨ ਲਈ ਯੂਕਰੇਨ ਗਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੇ ਮੈਟਰੋ ਸਟੇਸ਼ਨ ’ਤੇ ਪਨਾਹ ਲਈ ਹੋਈ ਹੈ।
ਮਾਪਿਆਂ ਨੇ ਦੱਸਿਆ ਕਿ ਰੂਸ ਨਾਲ ਲੜਾਈ ਲੱਗਣ ਕਾਰਨ ਉਨ੍ਹਾਂ ਕੋਮਲਪ੍ਰੀਤ ਕੌਰ ਦੀ ਵਾਪਸੀ ਲਈ ਟਿਕਟ 28 ਫਰਵਰੀ ਦੀ ਕਰਵਾਈ ਗਈ ਸੀ ਪਰ ਲੜਾਈ ਕਾਰਨ ਫਲਾਈਟ ਰੱਦ ਕਰ ਦਿੱਤੀ ਗਈ। ਉਨ੍ਹਾਂ ਕੇਂਦਰ ਸਰਕਾਰ ਨੂੰ ਆਪਣੀ ਬੱਚੀ ਤੇ ਹੋਰ ਬੱਚਿਆਂ ਦੀ ਸੁਰੱਖਿਅਤ ਵਾਪਸੀ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਅੱਜ ਹਲਕੇ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੜਕੀ ਦੇ ਮਾਪਿਆਂ ਨਾਲ ਮੁਲਾਕਾਤ ਕਰਕੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ।
ਮਾਪਿਆਂ ਦਾ ਮਨਮੀਤ ਨਾਲ ਨਹੀਂ ਹੋ ਰਿਹਾ ਸੰਪਰਕ
ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਯੂਕਰੇਨ ਦੇ ਸ਼ਹਿਰ ਵਿਨਿਤਸੀਆ ਵਿੱਚ ਨੈਸ਼ਨਲ ਪਿਰੋਗੋਵ ਮੈਡੀਕਲ ਯੂਨੀਵਰਸਿਟੀ ਵਿੱਚ ਡਾਕਟਰੀ ਦੀ ਪੜ੍ਹਾਈ ਕਰਦੀ ਮਨਮੀਤ ਕੌਰ ਯੂਕਰੇਨ ਵਿੱਚ ਫਸੀ ਹੋਈ ਹੈ। ਕਰਤਾਰਪੁਰ ਦੇ ਰਹਿਣ ਵਾਲੇ ਪ੍ਰੇਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭਾਣਜੀ ਪਿਛਲੇ ਸਾਲ ਐੱਮਬੀਬੀਐੱਸ ਦੀ ਪੜ੍ਹਾਈ ਕਰ ਲਈ ਯੂਕਰੇਨ ਗਈ ਸੀ। ਸਰਕਾਰਾਂ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਪਰ ਇਸ ਦੇ ਬਾਵਜੂਦ ਬੱਚੀ ਨਾਲ ਸੰਪਰਕ ਕਰਨ ਵਿੱਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਮਨਦੀਪ ਦੇ ਪਿਤਾ ਬਖਤਾਵਰ ਸਿੰਘ ਅਤੇ ਮਾਤਾ ਪਰਦੀਪ ਕੌਰ ਨੇ ਦੱਸਿਆ ਕਿ ਮਨਮੀਤ ਜਿਸ ਸ਼ਹਿਰ ਵਿੱਚ ਰਹਿੰਦੀ ਹੈ ਉਹ ਬਾਰਡਰ ਤੋਂ ਕਾਫੀ ਦੂਰ ਹੈ, ਟੈਲੀਫੋਨ ਰਾਹੀਂ ਗੱਲ ਕਰਨਾ ਹੀ ਇੱਕ ਮਾਤਰ ਸਹਾਰਾ ਹੈ। ਉਨ੍ਹਾਂ ਭਾਰਤ ਸਰਕਾਰ ਕੋਲੋਂ ਮਦਦ ਮੰਗੀ ਹੈ।
ਪਿੰਡ ਦੀਵਾਨਾ ਦੀ ਕੁੜੀ ਯੂਕਰੇਨ ਵਿੱਚ ਫਸੀ
ਟੱਲੇਵਾਲ (ਲਖਵੀਰ ਸਿੰਘ ਚੀਮਾ): ਇੱਥੋਂ ਦੇ ਪਿੰਡ ਦੀਵਾਨਾ ਦੀ ਲੜਕੀ ਜੋ ਸਿਰਫ ਤਿੰਨ ਮਹੀਨੇ ਪਹਿਲਾਂ ਹੀ ਯੂਕਰੇਨ ਮੈਡੀਕਲ ਦੀ ਪੜ੍ਹਾਈ ਕਰਨ ਗਈ ਸੀ, ਹੁਣ ਉਥੇ ਲੜਾਈ ਕਾਰਨ ਫਸ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਦੇ ਸੁਖਦੇਵ ਸਿੰਘ ਦੀ ਧੀ ਮਨਜਿੰਦਰ ਕੌਰ ਤਿੰਨ ਮਹੀਨੇ ਪਹਿਲਾਂ ਯੂਕਰੇਨ ਦੇ ਖਾਰਕੀਵ ਸ਼ਹਿਰ ਦੀ ਨੈਸ਼ਨਲ ਮੈਡੀਕਲ ਯੂਨੀਵਰਸਿਟੀ ’ਚ ਪੜ੍ਹਨ ਗਈ ਸੀ। ਹੁਣ ਉਥੇ ਜੰਗ ਕਾਰਨ ਬਣੇ ਹਾਲਾਤ ਮਗਰੋਂ ਪੰਜਾਬ ਰਹਿੰਦਾ ਲੜਕੀ ਦਾ ਪਰਿਵਾਰ ਕਾਫੀ ਪ੍ਰੇਸ਼ਾਨ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਆਪਣੀ ਬੱਚੀ ਨੂੰ ਸਹੀ ਸਲਾਮਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ।