ਜੈਸਮੀਨ ਭਾਰਦਵਾਜ
ਨਾਭਾ, 6 ਸਤੰਬਰ
ਨਬਾਲਗ ਲੜਕੀ ਨੂੰ ਵਰਗਲਾ ਕੇ ਭਜਾਉਣ ਅਤੇ ਉਸ ਨਾਲ ਬਲਾਤਕਾਰ ਦੇ ਦੋਸ਼ ’ਚ ਸਦਰ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ 32 ਸਾਲਾ ਬੂਟਾ ਸਿੰਘ ਦੀ ਪੁਲੀਸ ਹਿਰਾਸਤ ’ਚ ਮੌਤ ਹੋ ਗਈ। ਪੁਲੀਸ ਮੁਤਾਬਿਕ ਮੁਲਜ਼ਮ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਨਾਭਾ ਸਦਰ ਥਾਣਾ ਮੁਖੀ ਪਰਿਆਂਸ਼ੂ ਸਿੰਘ ਨੇ ਦੱਸਿਆ ਕਿ ਬੂਟਾ ਸਿੰਘ ਨੂੰ ਬੀਤੇ ਦਿਨ ਰੇਲਵੇ ਸਟੇਸ਼ਨ ਤੋਂ ਉਦੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਹ ਲੜਕੀ ਨੂੰ ਲੈ ਕੇ ਫ਼ਰਾਰ ਹੋ ਰਿਹਾ ਸੀ। ਅੱਜ ਉਸ ਨੂੰ ਅਦਾਲਤ ’ਚ ਪੇਸ਼ ਕਰਨਾ ਸੀ। ਉਨ੍ਹਾਂ ਦੱਸਿਆ ਕਿ ਅੱਜ ਪੁਲੀਸ ਫੋਰਸ ਧਰਨਾ ਡਿਊਟੀ ‘ਤੇ ਪਟਿਆਲਾ ਗਈ ਸੀ ਤੇ ਥਾਣੇ ਦੀ ਹਵਾਲਾਤ ’ਚ ਬੰਦ ਬੂਟਾ ਸਿੰਘ ਨੇ ਕਿਸੇ ਤਰ੍ਹਾਂ ਸਲਾਖਾਂ ਤੋਂ ਬਾਹਰ ਪਿਆ ਪਰਨਾ ਖਿਸਕਾ ਲਿਆ ਤੇ ਸਲਾਖਾਂ ਨਾਲ ਹੀ ਬੰਨ੍ਹ ਕੇ ਆਤਮ ਹੱਤਿਆ ਕਰ ਲਈ। ਨਾਭਾ ਡੀਐੱਸਪੀ ਦੇਵਿੰਦਰ ਅਤਰੀ ਨੇ ਕਿਹਾ ਕਿ ਮਾਮਲੇ ਦੀ ਨਿਆਂਇਕ ਜਾਂਚ ਹੋਵੇਗੀ।