ਜੈਸਮੀਨ ਭਾਰਦਵਾਜ
ਨਾਭਾ, 6 ਜੂਨ
ਇਥੋਂ ਦੇ ਪਿੰਡ ਮੈਹਸ ਵਿਚ ਨਸ਼ਿਆਂ ਖਿਲਾਫ ਜਾਗਰੂਕਤਾ ਕੈਂਪ ਵਿਚ ਪਹੁੰਚੇ ਨਾਭਾ ਦੇ ਵਿਧਾਇਕ ਨੂੰ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਇਸ ਕੈਂਪ ਦੌਰਾਨ ਪਿੰਡ ਦੇ ਇੱਕ ਵਸਨੀਕ ਸਰਕਾਰੀ ਮੁਲਾਜ਼ਮ ਨੇ ਮਾਈਕ ‘ਤੇ ਆ ਕੇ ਵਿਧਾਇਕ ਨੂੰ ਸ਼ੋਸ਼ੇਬਾਜ਼ੀ ਛੱਡ ਕੇ ਨਸ਼ੇ ਦੇ ਮੁੱਦੇ ਦੀ ਗੰਭੀਰਤਾ ਨੂੰ ਸਮਝਣ ਦੀ ਅਪੀਲ ਕੀਤੀ ਤਾਂ ਵਿਧਾਇਕ ਭੜਕ ਗਏ ਤੇ ਉਨ੍ਹਾਂ ਨੂੰ ਮੁਸ਼ਕਲ ਨਾਲ ਸ਼ਾਂਤ ਕੀਤਾ ਗਿਆ। ਇਸ ਮਾਮਲੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਸਰਕਾਰੀ ਅਧਿਆਪਕ ਗੁਰਪ੍ਰੀਤ ਸਿੰਘ ਵੜੈਚ ਨੇ ਵਿਧਾਇਕ ਨੂੰ ਸਵਾਲ ਕੀਤੇ ਕਿ ਇਸ ਪਿੰਡ ਵਿਚ ਨਸ਼ੇ ਦੇ ਦੈਂਤ ਨੇ ਕਿੰਨੇ ਹੀ ਘਰ ਬਰਬਾਦ ਕਰ ਛੱਡੇ ਹਨ ਤੇ ਹੁਣ ਤਾਂ ਬੱਚੇ ਵੀ ਇਸ ਦੀ ਚਪੇਟ ਚ ਆ ਰਹੇ ਹਨ। ਇਸ ’ਤੇ ਵਿਧਾਇਕ ਦੇਵ ਮਾਨ ਗੁੱਸੇ ਵਿਚ ਆ ਗਏ ਤੇ ਮੋਹਤਬਰਾ ਨੇ ਵਿਧਾਇਕ ਨੂੰ ਸ਼ਾਂਤ ਕੀਤਾ। ਵਿਧਾਇਕ ਨੇ ਕਿਹਾ ਕਿ ਸਰਕਾਰ ਨਸ਼ਿਆਂ ਦੇ ਮਾਮਲੇ ’ਤੇ ਪੂਰੀ ਗੰਭੀਰ ਹੈ।