ਧਿਆਨ ਸਿੰਘ ਭਗਤ/ਏਜੰਸੀ
ਕਪੂਰਥਲਾ, 19 ਸਤੰਬਰ
ਚੋਰੀ ਦੇ ਕੇਸ ਵਿੱਚ ਫੜੇ ਵਿਅਕਤੀ ਦੀ ਐਤਵਾਰ ਰਾਤ ਇਥੇ ਥਾਣੇ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮੁਲਜ਼ਮ ਦੀ ਪਛਾਣ ਸ਼ਹਿਰ ਨੇੜਲੇ ਪਿੰਡ ਰੱਤਾ ਨੌ ਅਬਾਦ ਵਾਸੀ ਰੌਸ਼ਨ ਲਾਲ (25) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਉਸ ਨੂੰ ਐਤਵਾਰ ਦੁਕਾਨਦਾਰ ਦੀ ਸ਼ਿਕਾਇਤ ’ਤੇ ਹਿਰਾਸਤ ਵਿੱਚ ਲਿਆ ਗਿਆ ਸੀ। ਉਹ ਉਥੇ ਉਹ ਸਕੂਟਰ ਮਕੈਨਿਕ ਸੀ। ਜ਼ਿਲ੍ਹਾ ਪੁਲੀਸ ਕਪਤਾਨ ਨਵਨੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮੁਲਜ਼ਮ ਦੀ ਸ਼ੱਕੀ ਹਾਲਾਤ ’ਚ ਮੌਤ ਸਬੰਧੀ ਤੱਥਾਂ ਦੀ ਪੁਸ਼ਟੀ ਲਈ ਐੱਸਪੀ (ਜਾਂਚ) ਹਰਵਿੰਦਰ ਸਿੰਘ ਦੀ ਡਿਊਟੀ ਲਾਈ ਹੈ। ਐੱਸਪੀ (ਜਾਂਚ) ਹਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਐਤਵਾਰ ਨੂੰ ਸਿਟੀ ਥਾਣੇ ਵਿੱਚ ਮੋਟਰਸਾਈਕਲ ਚੋਰੀ ਦੇ ਕਥਿਤ ਦੋਸ਼ ਵਿੱਚ ਪਿੰਡ ਰੱਤਾ ਨੌਂਅਬਾਦ ਵਾਸੀ ਰੌਸ਼ਨ ਲਾਲ ਨੂੰ ਫੜਿਆ ਗਿਆ ਸੀ, ਜਿਸ ਦੀ ਦੇਰ ਰਾਤ ਥਾਣੇ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਅਤੇ ਏਐੱਸਆਈ ਨੇ ਲਾਸ਼ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਪੀੜਤ ਨੂੰ ਕਿਸੇ ਦੀ ਸ਼ਿਕਾਇਤ ’ਤੇ ਮੋਟਰਸਾਈਕਲ ਸਣੇ ਕਾਬੂ ਕੀਤਾ ਗਿਆ ਸੀ ਜਿਸ ਦੀ ਕਾਗ਼ਜ਼ਾਂ ਵਿੱਚ ਗ੍ਰਿਫ਼ਤਾਰੀ ਨਹੀਂ ਵਿਖਾਈ ਗਈ ਸੀ। ਦੂਜੇ ਪਾਸੇ ਜਲੰਧਰ ਰੇਂਜ ਦੇ ਡੀਆਈਜੀ ਐੱਸ. ਭੂਪਤੀ ਵੱਲੋਂ ਐੱਸਐੱਸਪੀ ਤੋਂ ਪੀੜਤ ਦੀ ਮੌਤ ਬਾਰੇ ਰਿਪੋਰਟ ਮੰਗ ਲਈ ਗਈ ਹੈ।
ਇਸੇ ਦੌਰਾਨ ਮ੍ਰਿਤਕ ਦੀ ਪਤਨੀ ਸੀਮਾ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਥਾਣੇ ਤੋਂ ਫੋਨ ਆਇਆ ਸੀ ਕਿ ਰੌਸ਼ਨ ਲਾਲ ਨੂੰ ਚੋਰੀ ਦੇ ਮਾਮਲੇ ਵਿੱਚ ਫੜਿਆ ਗਿਆ ਹੈ। ਉਸ ਦੀ ਰੋਟੀ ਪੁੱਜਦੀ ਕੀਤੀ ਜਾਵੇ। ਪਰ ਸ਼ਾਮ ਨੂੰ ਫੋਨ ’ਤੇ ਉਸ ਦੇ ਪਤੀ ਦੀ ਮੌਤ ਬਾਰੇ ਦੱਸਿਆ ਗਿਆ। ਮ੍ਰਿਤਕ ਰੌਸ਼ਨ ਦੀ 5 ਸਾਲਾਂ ਦੀ ਬੇਟੀ ਵੀ ਹੈ। ਸੀਮਾ ਨੇ ਪੁਲੀਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਸ ਮਾਮਲੇ ਸਬੰਧੀ ਡੀਐੱਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਪੁਲੀਸ ’ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ।