ਸੰਜੀਵ ਹਾਂਡਾ
ਫ਼ਿਰੋਜ਼ਪੁਰ, 13 ਜੂਨ
ਇਥੇ ਗੈਂਗਸਟਰ ਜੈਪਾਲ ਭੁੱਲਰ ਦੇ ਸਸਕਾਰ ਤੋਂ ਪਹਿਲਾਂ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜੈਪਾਲ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਹੈ ਕਿ ਮੁਕਾਬਲੇ ਤੋਂ ਪਹਿਲਾਂ ਉਸ ਦੀਆਂ ਬਾਹਾਂ ਤੇ ਪਸਲੀਆਂ ਤੋੜ ਦਿੱਤੀਆਂ ਸਨ। ਇਸ ਗੱਲ ਦਾ ਪਤਾ ਪਰਿਵਾਰ ਨੂੰ ਉਦੋਂ ਲੱਗਾ ਜਦੋਂ ਉਹ ਜੈਪਾਲ ਦੀ ਦੇਹ ਨੂੰ ਨਹਾਉਣ ਲੱਗੇ। ਪਿਤਾ ਭੁਪਿੰਦਰ ਸਿੰਘ, ਜੋ ਪੰਜਾਬ ਪੁਲੀਸ ਦੇ ਸੇਵਾਮੁਕਤ ਇੰਸਪੈਕਟਰ ਹਨ, ਦਾ ਕਹਿਣਾ ਹੈ ਕਿ ਕੱਲ੍ਹ ਰਾਤ ਤੋਂ ਹੀ ਪਰਿਵਾਰ ਉਪਰ ਛੇਤੀ ਸਸਕਾਰ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ। ਪਿਤਾ ਨੇ ਅੱਜ ਡਿਪਟੀ ਕਮਿਸ਼ਨਰ ਤੱਕ ਪਹੁੰਚ ਕਰਕੇ ਪੁੱਤ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੋਸਟਮਾਰਟਮ ਦੁਬਾਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਸਸਕਾਰ ਨਹੀਂ ਕਰਨਗੇ। ਸੂਤਰਾਂ ਦੇ ਦੱਸਣ ਮੁਤਾਬਕ ਡਿਪਟੀ ਕਮਿਸ਼ਨਰ ਨੇ ਦੁਬਾਰਾ ਪੋਸਟਮਾਰਟਮ ਕਰਵਾਉਣ ਦੇਣ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਹੁਕਮ ਨਹੀਂ ਦਿੱਤੇ ਜਾ ਸਕਦੇ। ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਮੰਗ ਕਲਕੱਤਾ ਪ੍ਰਸ਼ਾਸਨ ਕੋਲ ਹੀ ਕੀਤੀ ਜਾ ਸਕਦੀ ਸੀ ਕਿਉਂਕੀ ਹੁਣ ਦੇਹ ਪਰਿਵਾਰ ਦੇ ਹਵਾਲੇ ਹੋ ਚੁੱਕੀ ਹੈ ਅਜਿਹੀ ਸਥਿਤੀ ਵਿਚ ਹੁਣ ਕੁਝ ਨਹੀਂ ਹੋ ਸਕਦਾ। ਫ਼ਿਲਹਾਲ ਜੈਪਾਲ ਦਾ ਸਸਕਾਰ ਜੋ ਅੱਜ ਕੀਤਾ ਜਾਣਾ ਸੀ, ਉਹ ਹੁਣ ਕੱਲ੍ਹ ਤੱਕ ਟਲ ਗਿਆ ਹੈ। ਪਰਿਵਾਰ ਦੇ ਮੈਂਬਰਾਂ ਨੇ ਐੱਸਡੀਐੱਮ ਤੱਕ ਪਹੁੰਚ ਕੀਤੀ ਹੈ। ਜੈਪਾਲ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿਚ ਜਿਥੇ ਲੋਕਾਂ ਦਾ ਇਕੱਠ ਹੈ, ਉਥੇ ਪੁਲੀਸ ਤੇ ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀ ਮੌਜੂਦ ਹਨ।