ਪੱਤਰ ਪ੍ਰੇਰਕ
ਮਾਨਸਾ, 18 ਜੂਨ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਤੱਕ ਪੁੱਜਣ ਲਈ ਮਾਨਸਾ ਪੁਲੀਸ ਵੱਲੋਂ ਹੁਣ ਮਨਮੋਹਨ ਸਿੰਘ ਮੋਹਣਾ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਵਿਅਕਤੀ ਨੂੰ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਇਸ ਦਾ ਪੰਜ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਮੋਹਣਾ ਨੇ ਜਨਵਰੀ-ਫਰਵਰੀ ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ। ਪੁਲੀਸ ਮੁਤਾਬਕ ਮਨਮੋਹਨ ਸਿੰਘ ਮੋਹਣਾ ਹੁਣ ਤੱਕ ਫੜੇ ਗਏ ਸ਼ੱਕੀ ਵਿਅਕਤੀਆਂ ਵਿੱਚੋਂ ਇਕੱਲਾ ਅਜਿਹਾ ਵਿਅਕਤੀ ਹੈ, ਜਿਸ ਦਾ ਸਬੰਧ ਮਾਨਸਾ ਜ਼ਿਲ੍ਹੇ ਨਾਲ ਹੈ ਤੇ ਉਹ ਇਥੋਂ ਦੇ ਰੱਲੀ ਪਿੰਡ ਦਾ ਰਹਿਣ ਵਾਲਾ ਹੈ। ਪੁਲੀਸ ਮੁਤਾਬਕ ਮੋਹਣਾ ਖ਼ਿਲਾਫ਼ ਕਈ ਪਰਚੇ ਦਰਜ ਹਨ। ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਸਮੇਤ ਨਸੀਬ ਖਾਨ, ਮੋਨੂੰ ਡਾਗਰ ਅਤੇ ਪਵਨ ਬਿਸ਼ਨੋਈ 22 ਜੂਨ ਤੱਕ ਪੁਲੀਸ ਰਿਮਾਂਡ ’ਤੇ ਚੱਲ ਰਹੇ ਹਨ, ਜਦਕਿ ਸੰਦੀਪ ਕੁਮਾਰ ਉਰਫ਼ ਕੇਕੜਾ, ਮਨਪ੍ਰੀਤ ਸਿੰਘ ਭਾਊ, ਮਨਪ੍ਰੀਤ ਮੰਨਾ, ਪ੍ਰਭਦੀਪ ਪੱਬੀ, ਪਰਮਪਾਲ ਰਾਣੂੰ, ਚਰਨਜੀਤ ਸਿੰਘ ਉਰਫ਼ ਚੇਤਨ, ਸਿਰਾਜ ਮਿੰਟੂ ਨੂੰ ਪੁੱਛ-ਪੜਤਾਲ ਮਗਰੋਂ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਭੇਜਿਆ ਗਿਆ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਣੇ ਤੋਂ ਗ੍ਰਿਫਤਾਰ ਕੀਤੇ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਦੇ ਸਾਥੀ ਨਵਨਾਥ ਸੂਰਿਆਵੰਸ਼ੀ ਤੋਂ ਵੀ ਪੜਤਾਲ ਜਾਰੀ ਹੈ। ਪੁਲੀਸ ਨੂੰ ਇਸ ਵੇਲੇ ਚਾਰ ਸ਼ਾਰਪ ਸ਼ੂਟਰਾਂ ਸੋਨੀਪਤ ਦੇ ਪ੍ਰਿਆਵਰਤ ਫੌਜੀ, ਅੰਕਿਤ ਸ਼ੇਰਸ਼ਾਹ, ਜਗਰੂਪ ਸਿੰਘ ਜੂਪਾ ਅੰਮ੍ਰਿਤਸਰ ਤੇ ਮੰਨੂ ਕੁੱਸਾ ਮੋਗਾ ਦੀ ਭਾਲ ਹੈ।