ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਚੰਡੀਗੜ੍ਹ/ਮਾਨਸਾ, 27 ਅਗਸਤ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਪੁਲੀਸ ਵੱਲੋਂ ਕੀਤੀ ਜਾ ਰਹੀ ਪੜਤਾਲ ਦਾ ਘੇਰਾ ਹੁਣ ਸੰਗੀਤ ਜਗਤ ਵੱਲ ਵੱਧਣ ਲੱਗਾ ਹੈ। ਬੀਤੇ ਦਿਨ ਮਾਨਸਾ ਪੁਲੀਸ ਵੱਲੋਂ ਜਿਨ੍ਹਾਂ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸੰਗੀਤ ਜਗਤ ਨਾਲ ਜੁੜੀਆਂ ਦੋ ਹਸਤੀਆਂ ਵੀ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਕੰਵਰਪਾਲ ਗਰੇਵਾਲ ਤੇ ਜੋਤੀ ਪੰਧੇਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੰਵਰਪਾਲ ਗਰੇਵਾਲ ਤੇ ਜੋਤੀ ਪੰਧੇਰ ਕ੍ਰਮਵਾਰ ‘ਫੋਕ ਮਾਫੀਆ’ ਅਤੇ ‘ਜੱਟ ਲਾਈਫ ਸਟੂਡੀਓ’ ਚਲਾਉਂਦੇ ਹਨ। ਦੋਵੇਂ ਮੁਲਜ਼ਮਾਂ ’ਤੇ ਸਿੱਧੂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਹਾਲਾਂਕਿ ਇਸ ਮਾਮਲੇ ਦਾਖ਼ਲ ਕੀਤੀ ਗਈ ਚਾਰਜਸ਼ੀਟ ਵਿੱਚ ਸੰਗੀਤ ਜਗਤ ਨਾਲ ਜੁੜੇ ਕਿਸੇ ਵੀ ਵਿਅਕਤੀ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਅੱਜ ਇਥੇ ਕਿਹਾ ਕਿ ਗਰੇਵਾਲ ਤੇ ਜੋਤੀ ਦੋਵੇਂ ਹੀ ਸਿੱਧੂ ਮੂਸੇਵਾਲਾ ਦੇ ਸ਼ੁਰੂਆਤੀ ਦਿਨਾਂ ਦੇ ਉਸ ਦੇ ਦੋਸਤ ਸਨ ਤੇ ਦੋਵਾਂ ਨਾਲ ਸਿੱਧੂ ਦੀਆਂ ਕਾਫ਼ੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਖ਼ਦਸ਼ਾ ਹੈ ਕਿ ਇਸ ਕੇਸ ਦੀ ਜਾਂਚ ਦੌਰਾਨ ਸੰਗੀਤ ਜਗਤ ਨਾਲ ਜੁੜੇ ਕੁਝ ਹੋਰ ਲੋਕ ਵੀ ਸਾਹਮਣੇ ਆ ਸਕਦੇ ਹਨ। ਕੱਲ੍ਹ ਨਾਮਜ਼ਦ ਕੀਤੇ ਗਏ ਪੰਜ ਵਿਅਕਤੀਆਂ ਵਿੱਚ ਦੋ ਸਿੱਧੂ ਦੇ ਗੁਆਂਢੀ ਹਨ, ਜਿਨ੍ਹਾਂ ਦਾ ਨਾਂ ਜਗਤਾਰ ਸਿੰਘ ਤੇ ਅਵਤਾਰ ਸਿੰਘ ਹੈ। ਜਗਤਾਰ ਨੇ ਹੀ ਸਿੱਧੂ ਦੀ ਮੁਲਾਕਾਤ ਕੰਵਰਪਾਲ ਤੇ ਜੋਤੀ ਪੰਧੇਰ ਨਾਲ ਕਰਵਾਈ ਸੀ। ਜ਼ਿਕਰਯੋਗ ਹੈ ਕਿ ਜਗਤਾਰ ਪਹਿਲਾਂ ਸਿੱਧੂ ਦਾ ਨਜ਼ਦੀਕੀ ਰਿਹਾ ਹੈ ਤੇ ਉਸ ਦੇ ਗੀਤਾਂ ਦੀ ਪ੍ਰਮੋਸ਼ਨ ਵੀ ਕਰਦਾ ਰਿਹਾ ਹੈ। ਮਗਰੋਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਅਣਬਣ ਹੋ ਗਈ ਸੀ।
ਜਗਤਾਰ ਖ਼ਿਲਾਫ਼ ਇਹ ਵੀ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਦੇ ਘਰ ਵਿੱਚ ਲਗਾਏ ਗਏ ਸੀਸੀਟੀਵੀ ਕੈਮਰੇ ਅਸਲ ਵਿੱਚ ਸਿੱਧੂ ਮੂਸੇਵਾਲਾ ਦੇ ਘਰ ਵੱਲ ਮੂੰਹ ਕਰਕੇ ਲਗਾਏ ਗਏ ਸਨ, ਜਿਸ ਰਾਹੀਂ ਉਹ ਸਿੱਧੂ ’ਤੇ ਨਜ਼ਰ ਰੱਖ ਰਿਹਾ ਸੀ। ਜ਼ਿਕਰਯੋਗ ਹੈ ਕਿ 2020 ਵਿੱਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਵੱਲੋਂ ਕੰਵਰਪਾਲ ਸਿੰਘ ਤੇ ਜੋਤੀ ਪੰਧੇਰ ਖ਼ਿਲਾਫ਼ ਸਿੱਧੂ ਦਾ ਇੱਕ ਗੀਤ ਲੀਕ ਕਰਨ ਸਬੰਧੀ ਇੱਕ ਐੱਫਆਈਆਰ ਵੀ ਦਰਜ ਕਰਵਾਈ ਗਈ ਸੀ। ਗ਼ੌਰਤਲਬ ਹੈ ਕਿ ਬੀਤੇ ਦਿਨੀਂ ਵੀ ਬਲਕੌਰ ਸਿੰਘ ਵੱਲੋਂ ਸਿੱਧੂ ਦੇ ਕਤਲ ਲਈ ਉਸ ਦੇ ਕੁਝ ਦੋਸਤਾਂ ਅਤੇ ਨੇੜਲਿਆਂ ਦੇ ਸ਼ਾਮਲ ਹੋਣ ਦੀ ਵੀ ਗੱਲ ਕਹੀ ਗਈ ਸੀ ਤੇ ਇਸੇ ਸ਼ਿਕਾਇਤ ਦੇ ਆਧਾਰ ’ਤੇ ਹੀ ਮਗਰੋਂ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਬੰਬੀਹਾ ਗੈਂਗ ਦੇ ਮਨਸੂਬਿਆਂ ਦਾ ਪਤਾ ਲਾਉਣ ’ਚ ਜੁਟੀ ਪੁਲੀਸ
ਮਾਨਸਾ (ਪੱਤਰ ਪ੍ਰੇਰਕ): ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਬੰਬੀਹਾ ਗਰੁੱਪ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਤੋਂ ਬਦਲਾ ਲੈਣ ਦੀ ਦਿੱਤੀ ਗਈ ਧਮਕੀ ਤੋਂ ਬਾਅਦ ਹੁਣ ਪੰਜਾਬ ਪੁਲੀਸ ਬੰਬੀਹਾ ਗੈਂਗ ਦੇ ਮਨਸੂਬਿਆਂ ਦੀ ਪੜਤਾਲ ਕਰਨ ਲੱਗੀ ਹੈ। ਪਤਾ ਲੱਗਿਆ ਹੈ ਕਿ ਮਾਮਲੇ ਸਬੰਧੀ ਮਾਨਸਾ ਪੁਲੀਸ ਵੱਲੋਂ ਸੁਖਪ੍ਰੀਤ ਬੁੱਢਾ ਨੂੰ ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਗਿਆ ਹੈ ਤਾਂ ਜੋ ਉਸ ਤੋਂ ਪੁੱਛ-ਪੜਤਾਲ ਕਰਕੇ ਨਵੇਂ ਸਿਰੇ ਤੋਂ ਜਾਣਕਾਰੀ ਇਕੱਤਰ ਕੀਤੀ ਜਾ ਸਕੇ। ਪੁਲੀਸ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਸੁਖਪ੍ਰੀਤ ਬੁੱਢਾ ਤੋਂ ਲਾਰੈਂਸ ਗੈਂਗ ਵਿਰੁੱਧ ਉਨ੍ਹਾਂ ਦੀਆਂ ਯੋਜਨਾਵਾਂ ਸਬੰਧੀ ਪੁੱਛ-ਪੜਤਾਲ ਕੀਤੀ ਜਾਵੇਗੀ ਤਾਂ ਜੋ ਸੂਬੇ ਵਿੱਚ ਗੈਂਗਸਟਰਾਂ ਵਿਚਕਾਰ ਨਵੇਂ ਸਿਰੇ ਤੋਂ ਲੜਾਈ ਆਰੰਭ ਹੋਣ ਨੂੰ ਰੋਕਿਆ ਜਾ ਸਕੇ। ਕੇਂਦਰੀ ਖੁਫੀਆ ਏਜੰਸੀਆਂ ਨੇ ਹਾਲ ਹੀ ਵਿੱਚ ਪੰਜਾਬ ਪੁਲੀਸ ਨੂੰ ਗੁਪਤ ਸੂਚਨਾ ਭੇਜੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਬੰਬੀਹਾ ਗੈਂਗ ਲਾਰੈਂਸ, ਜੱਗੂ ਭਗਵਾਨਪੁਰੀਆ ਅਤੇ ਮਨਕੀਰਤ ਔਲਖ ਨੂੰ ਮਾਰਨ ਦੀ ਸਾਜ਼ਿਸ਼ ਰਚ ਰਿਹਾ ਹੈ।