ਪੱਤਰ ਪ੍ਰੇਰਕ
ਮਾਨਸਾ, 7 ਜੂਨ
ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਲੋੜੀਂਦੇ ਸ਼ੂਟਰਾਂ ਦੀ ਭਾਲ ਲਈ ਪੁਲੀਸ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਗੋਲੀਬਾਰੀ ਕਰਨ ਵਾਲਿਆਂ ਵਿੱਚੋਂ ਇੱਕ ਮੁਲਜ਼ਮ ਸੰਤੋਸ਼ ਯਾਦਵ ਦਾ ਸਬੰਧ ਅਰੁਣ ਗਾਵਲੀ ਗੈਂਗ ਨਾਲ ਹੈ। ਪੰਜਾਬ ਪੁਲੀਸ ਹੋਰਨਾਂ ਦੇ ਨਾਲ-ਨਾਲ ਉਸ ਦੀ ਭਾਲ ਲਈ ਮਹਾਰਾਸ਼ਟਰ ਪੁਲੀਸ ਨਾਲ ਸੰਪਰਕ ਕਾਇਮ ਕਰ ਰਹੀ ਹੈ। ਮਾਨਸਾ ਪੁਲੀਸ ਦੀ ਹਰਿਆਣਾ ਅਤੇ ਰਾਜਸਥਾਨ ਦੇ ਉੱਚ ਪੁਲੀਸ ਅਧਿਕਾਰੀਆਂ ਨਾਲ ਕਈ ਪਹਿਲੂਆਂ ’ਤੇ ਗੱਲਬਾਤ ਚੱਲ ਰਹੀ ਹੈ।
ਪੰਜਾਬ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਸਬੰਧੀ ਕਾਤਲਾਂ ਨੂੰ ਗੱਡੀਆਂ, ਹਥਿਆਰ ਤੇ ਹੋਰ ਸਾਮਾਨ ਮੁਹੱਈਆ ਕਰਨ, ਰੇਕੀ ਕਰਨ ਤੇ ਪਨਾਹ ਦੇਣ ਦੇ ਦੋਸ਼ ਹੇਠ ਸੰਦੀਪ ਸਿੰਘ ਉਰਫ਼ ਕੇਕੜਾ ਵਾਸੀ ਸਿਰਸਾ (ਹਰਿਆਣਾ), ਮਨਪ੍ਰੀਤ ਸਿੰਘ ਉਰਫ਼ ਮੰਨਾ ਵਾਸੀ ਤਲਵੰਡੀ ਸਾਬੋ (ਬਠਿੰਡਾ), ਮਨਪ੍ਰੀਤ ਭਾਊ ਵਾਸੀ ਫ਼ਰੀਦਕੋਟ, ਸਾਰਜ ਮਿੰਟੂ ਪਿੰਡ ਦੋਦੇ ਕਲਸੀਆ (ਅੰਮ੍ਰਿਤਸਰ), ਪ੍ਰਭਦੀਪ ਸਿੱਧੂ ਉਰਫ਼ ਪੱਬੀ (ਹਰਿਆਣਾ), ਸੋਨੀਪਤ ਦੇ ਪਿੰਡ ਰੇਵਲੀ ਦਾ ਮੋਨੂੰ ਡਾਗਰਸ, ਪਵਨ ਬਿਸ਼ਨੋਈ ਤੇ ਨਸੀਬ ਵਾਸੀ ਫਤਿਹਾਬਾਦ, ਹਰਿਆਣਾ ਵਜੋਂ ਹੋਈ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗੋਲਡੀ ਬਰਾੜ ਤੇ ਦੇ ਨਿਰਦੇਸ਼ਾਂ ’ਤੇ ਸੰਦੀਪ ਉਰਫ਼ ਕੇਕੜਾ ਨੇ ਆਪਣੇ ਆਪ ਨੂੰ ਸਿੱਧੂ ਦੇ ਪ੍ਰਸ਼ੰਸਕ ਵਜੋਂ ਪੇਸ਼ ਕਰ ਕੇ ਗਾਇਕ ’ਤੇ ਨਜ਼ਰ ਰੱਖੀ ਸੀ। ਗਾਇਕ ਦੇ ਕਤਲ ਤੋਂ ਕੁਝ ਮਿੰਟ ਪਹਿਲਾਂ ਜਦੋਂ ਉਹ ਆਪਣੇ ਘਰ ਤੋਂ ਜਾ ਰਿਹਾ ਸੀ ਤਾਂ ਕੇਕੜਾ ਨੇ ਗਾਇਕ ਨਾਲ ਸੈਲਫੀ ਵੀ ਲਈ ਸੀ।
ਪੁਲੀਸ ਅਨੁਸਾਰ ਮਨਪ੍ਰੀਤ ਮੰਨਾ ਨੇ ਮਨਪ੍ਰੀਤ ਭਾਊ ਨੂੰ ਕੋਰੋਲਾ ਕਾਰ ਮੁਹੱਈਆ ਕਰਵਾਈ ਸੀ ਜਿਸ ਨੇ ਗੋਲਡੀ ਬਰਾੜ ਤੇ ਸਚਿਨ ਦੇ ਨਜ਼ਦੀਕੀ ਸਾਰਜ ਮਿੰਟੂ ਦੇ ਨਿਰਦੇਸ਼ਾਂ ’ਤੇ ਕਾਰ ਦੋ ਸ਼ੱਕੀ ਸ਼ੂਟਰਾਂ ਨੂੰ ਸੌਂਪੀ ਸੀ।
ਪੁਲੀਸ ਮੁਤਾਬਕ ਪ੍ਰਭਦੀਪ ਸਿੱਧੂ ਉਰਫ਼ ਪੱਬੀ ਨੇ ਜਨਵਰੀ-2022 ਵਿੱਚ ਹਰਿਆਣਾ ਤੋਂ ਆਏ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਪਨਾਹ ਦਿੱਤੀ ਸੀ। ਉਨ੍ਹਾਂ ਰਾਹੀਂ ਸਿੱਧੂ ਮੂਸੇਵਾਲਾ ਦੇ ਘਰ ਅਤੇ ਆਸ-ਪਾਸ ਦੇ ਇਲਾਕਿਆਂ ਦੀ ਰੇਕੀ ਵੀ ਕਰਵਾਈ ਸੀ ਜਦੋਂਕਿ ਮੋਨੂੰ ਡਾਗਰ ਨੇ ਇਹ ਜਾਣਕਾਰੀ ਦਿੱਤੀ ਸੀ। ਦੋ ਨਿਸ਼ਾਨੇਬਾਜ਼ਾਂ ਤੇ ਗੋਲਡੀ ਬਰਾੜ ਦੇ ਨਿਰਦੇਸ਼ਾਂ ’ਤੇ ਇਸ ਕਤਲ ਨੂੰ ਅੰਜਾਮ ਦੇਣ ਲਈ ਨਿਸ਼ਾਨੇਬਾਜ਼ਾਂ ਦੀ ਟੀਮ ਨੂੰ ਇਕੱਠਾ ਕਰਨ ਵਿੱਚ ਮਦਦ ਕੀਤੀ। ਪਵਨ ਬਿਸ਼ਨੋਈ ਤੇ ਨਸੀਬ ਨੇ ਬੋਲੇਰੋ ਗੱਡੀ ਸ਼ੂਟਰਾਂ ਨੂੰ ਸੌਂਪੀ ਸੀ ਤੇ ਉਨ੍ਹਾਂ ਦੀ ਲੁਕਣ ਵਿੱਚ ਮਦਦ ਵੀ ਕੀਤੀ ਸੀ।
ਪੁਲੀਸ ਨੂੰ ਜਾਣਕਾਰੀ ਮਿਲੀ ਹੈ ਕਿ ਕਤਲ ਦੀ ਸਾਜਿਸ਼ ਜਨਵਰੀ-2022 ਤੋਂ ਰਚੀ ਜਾ ਰਹੀ ਸੀ।
ਇਸ ਦੌਰਾਨ ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਆਈਜੀਪੀ ਪੀਏਪੀ ਜਸਕਰਨ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਤੇਜ਼ੀ ਨਾਲ ਕੰਮ ਕਰ ਰਹੀ ਹੈ। ਕਤਲਕਾਂਡ ਵਿੱਚ ਸ਼ਾਮਲ ਪਛਾਣੇ ਸ਼ੂਟਰਾਂ ਤੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਠੋਸ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।