ਪੱਤਰ ਪ੍ਰੇਰਕ
ਮਾਨਸਾ, 4 ਜੁਲਾਈ
ਮਾਨਸਾ ਪੁਲੀਸ ਨੇ ਅੱਜ ਸੋਮਵਾਰ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋ ਸ਼ੂਟਰਾਂ ਸਮੇਤ ਚਾਰ ਵਿਅਕਤੀਆਂ ਦਾ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਟਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ ਹੈ। ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲੀਸ ਨੇ ਮੁਲਜ਼ਮਾਂ ਪ੍ਰਿਅਵਰਤ ਉਰਫ਼ ਫ਼ੌਜੀ (ਮੁੱਖ ਨਿਸ਼ਾਨੇਬਾਜ਼), ਕਸ਼ਿਸ਼ ਉਰਫ਼ ਕੁਲਦੀਪ (ਸ਼ੂਟਰ), ਦੀਪਕ ਉਰਫ ਟੀਨੂੰ (ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਹਿਯੋਗੀ) ਅਤੇ ਕੇਸ਼ਵ ਕੁਮਾਰ (ਮੁੱਖ ਨਿਸ਼ਾਨੇਬਾਜ਼) ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਹੈ।