ਜੋਗਿੰਦਰ ਸਿੰਘ ਮਾਨ
ਮਾਨਸਾ, 27 ਜੂਨ
ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਹੁਣ ਲਾਰੈਂਸ ਬਿਸ਼ਨੋਈ ਅੰਮ੍ਰਿਤਸਰ ਪੁਲੀਸ ਦੀ ਹਿਰਾਸਤ ਵਿੱਚ ਰਹੇਗਾ। ਅੰਮ੍ਰਿਤਸਰ ਦੇ ਰਾਣਾ ਕੰਡੋਵਾਲੀਆ ਕਤਲ ਕਾਂਡ ਤਹਿਤ ਮਾਨਸਾ ਦੀ ਅਦਾਲਤ ਨੇ ਉਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਭੇਜ ਦਿੱਤਾ ਹੈ ਅਤੇ ਹੁਣ ਲਾਰੈਂਸ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕਰ ਕੇ ਪੁਲੀਸ ਰਿਮਾਂਡ ਲਿਆ ਜਾਵੇਗਾ। ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਦੇਰ ਸ਼ਾਮ ਮਾਨਸਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰੀ ਮੁਆਇਨੇ ਮਗਰੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਅਜੇ ਪੰਜਾਬ ਪੁਲੀਸ ਦੀ ਗ੍ਰਿਫ਼ਤ ਵਿੱਚ ਹੀ ਰਹੇਗਾ। ਸੂਬੇ ਵਿੱਚ ਉਸ ਖ਼ਿਲਾਫ਼ ਜਿੰਨੇ ਵੀ ਕੇਸ ਦਰਜ ਹਨ, ਸਾਰਿਆਂ ਸਬੰਧੀ ਪੁਲੀਸ ਰਿਮਾਂਡ ਲੈ ਕੇ ਉਸ ਦੀ ਲਗਾਤਾਰ ਗ੍ਰਿਫ਼ਤਾਰੀ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਲਾਰੈਂਸ ਬਿਸ਼ਨੋਈ 12 ਦਿਨ ਮਾਨਸਾ ਪੁਲੀਸ ਦੀ ਹਿਰਾਸਤ ਵਿੱਚ ਰਿਹਾ ਅਤੇ ਉਸ ਤੋਂ ਬਾਅਦ ਐੱਸਆਈਟੀ (ਸਿੱਟ) ਤੋਂ ਇਲਾਵਾ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ), ਸੀਆਈਡੀ ਅਤੇ ਮਾਨਸਾ ਪੁਲੀਸ ਨੇ ਪੁੱਛਗਿੱਛ ਕੀਤੀ। ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਪੁਲੀਸ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ’ਤੇ ਲੈ ਕੇ ਆਈ ਸੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਜੇਲ੍ਹ ’ਚ ਬੰਦ ਗੈਂਗਸਟਰਾਂ ਨਾਲ ਮਿਲ ਕੇ ਲਾਰੈਂਸ ਬਿਸ਼ਨੋਈ ਨੇ ਹੀ ਰਚੀ ਸੀ। ਉਸ ਨੇ ਹੀ ਕੈਨੇਡਾ ਬੈਠੇ ਆਪਣੀ ਸਾਥੀ ਗੈਂਗਸਟਰ ਗੋਲਡੀ ਬਰਾੜ, ਭਰਾ ਅਨਮੋਲ ਬਿਸ਼ਨੋਈ ਅਤੇ ਭਾਣਜੇ ਸਚਿਨ ਨੂੰ ਇਹ ਕਤਲ ਦਾ ਕੰਮ ਸੌਂਪਿਆ ਸੀ, ਜਿਨ੍ਹਾਂ ਸ਼ਾਰਪ ਸ਼ੂਟਰਾਂ ਦਾ ਪ੍ਰਬੰਧ ਕਰ ਕੇ ਇਸ ਕਾਂਡ ਨੂੰ ਅੰਜਾਮ ਦਿੱਤਾ ਹੈ।
ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਪੁਲੀਸ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਆਪਣੇ ਨਾਲ ਲੈ ਗਈ। ਉਸ ’ਤੇ ਅੰਮ੍ਰਿਤਸਰ ਵਿੱਚ ਰਾਣਾ ਕੰਡੋਵਾਲੀਆ ਨਾਂ ਦੇ ਗੈਂਗਸਟਰ ਦਾ ਕਤਲ ਕਰਨ ਦਾ ਦੋਸ਼ ਹੈ। ਕਤਲ ਕਾਂਡ ਵੇਲੇ ਕੰਡੋਵਾਲੀਆ ਇਕ ਔਰਤ ਨੂੰ ਮਿਲਣ ਆਇਆ ਸੀ, ਜਿੱਥੇ ਕੁੱਝ ਲੋਕਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਹਸਪਤਾਲ ਅੰਦਰ ਹੀ ਮੌਕੇ ’ਤੇ ਕੰਡੋਵਾਲੀਆ ਦੀ ਮੌਤ ਹੋ ਗਈ ਸੀ। ਇਸ ਕਤਲੇਆਮ ਕਾਂਡ ਵਿੱਚ ਜੱਗੂ ਅਤੇ ਲਾਰੈਂਸ ਬਿਸ਼ਨੋਈ ਦੇ ਨਾਂ ਸਾਹਮਣੇ ਆਏ ਹਨ।
ਵਕੀਲ ਨੇ ਕਤਲ ਪਿੱਛੇ ਲਾਰੈਂਸ ਦਾ ਹੱਥ ਹੋਣ ਤੋਂ ਕੀਤਾ ਇਨਕਾਰ
ਲਾਰੈਂਸ ਬਿਸ਼ਨੋਈ ਦੇ ਨਿੱਜੀ ਵਕੀਲ ਸਤਨਾਮ ਸਿੰਘ ਧੀਮਾਨ ਨੇ ਦੱਸਿਆ ਕਿ ਅੰਮ੍ਰਿਤਸਰ ਪੁਲੀਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਲੈ ਗਈ ਹੈ। ਵਕੀਲ ਨੇ ਲਾਰੈਂਸ ਬਿਸ਼ਨੋਈ ਨਾਲ ਇਕੱਲਿਆਂ ਮੁਲਾਕਾਤ ਕੀਤੀ। ਉਨ੍ਹਾਂ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਲਾਰੈਂਸ ਦੀ ਕਿਸੇ ਕਿਸਮ ਦੀ ਭੂੁਮਿਕਾ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਤਿਹਾੜ ਜੇਲ੍ਹ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਹਨ ਅਤੇ ਉੱਥੇ ਜੈਮਰ ਲੱਗੇ ਹੋਏ ਹਨ, ਫਿਰ ਉੱਥੋਂ ਇੰਟਰਨੈੱਟ ਰਾਹੀਂ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੀਆਂ ਯੋਜਨਾਵਾਂ ਕਿਵੇਂ ਬਣ ਸਕਦੀਆਂ ਹਨ।
ਅੱਜ ਅੰਮ੍ਰਿਤਸਰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਬਿਸ਼ਨੋਈ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ਮਾਮਲੇ ਵਿੱਚ ਅੰਮ੍ਰਿਤਸਰ ਪੁਲੀਸ ਵੱਲੋਂ ਸਵੇਰੇ ਇੱਥੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪਰ ਇਸ ਤੋਂ ਪਹਿਲਾਂ ਦੇਰ ਰਾਤ ਉਸ ਨੂੰ ਅੰਮ੍ਰਿਤਸਰ ਲਿਆਂਦਾ ਜਾਵੇਗਾ। ਉਸ ਨੂੰ ਇੱਥੇ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਵਿੱਚ ਰੱਖਿਆ ਜਾਵੇਗਾ। ਇਸ ਦੌਰਾਨ ਇੱਥੇ ਅੱਜ ਅਦਾਲਤ ਕੰਪਲੈਕਸ ਅਤੇ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਦੇ ਬਾਹਰ ਵੀ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।
ਅਦਾਲਤ ਨੇ ਜਸਕਰਨ ਨੂੰ ਪੰਜ ਦਿਨਾਂ ਦੇ ਰਿਮਾਂਡ ’ਤੇ ਭੇਜਿਆ
ਲੁਧਿਆਣਾ (ਗਗਨਦੀਪ ਅਰੋੜਾ): ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਸਾਥੀ ਬਲਦੇਵ ਚੌਧਰੀ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਪਟਿਆਲਾ ਦੇ ਭਾਦਸੋਂ ਦੇ ਵਸਨੀਕ ਜਸਕਰਨ ਸਿੰਘ ਉਰਫ਼ ਕਰਨ ਨੂੰ ਲੁਧਿਆਣਾ ਦੀ ਸੀਆਈਏ-2 ਦੀ ਟੀਮ ਨੇ ਅੱਜ ਅਦਾਲਤ ’ਚ ਪੇਸ਼ ਕਰ ਕੇ ਪੰਜ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਜਸਕਰਨ ਨੂੰ ਗੋਲਡੀ ਬਰਾੜ ਰਾਹੀਂ ਹਥਿਆਰ ਮਿਲੇ ਸਨ ਤੇ ਗੋਲਡੀ ਬਰਾੜ ਦੇ ਨਾਲ ਉਸ ਦੀ ਮੁਲਾਕਾਤ ਗੋਲਡੀ ਦੀ ਭੂਆ ਦੇ ਲੜਕੇ ਗੁਰਲਾਲ ਬਰਾੜ ਰਾਹੀਂ ਹੋਈ ਸੀ। ਇਸ ਸਬੰਧੀ ਸੀਆਈਏ-2 ਦੇ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਬਲਦੇਵ ਚੌਧਰੀ ਨੂੰ 10 ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਨਾਲ ਉਸ ਦਾ ਇੱਕ ਸਾਥੀ ਅੰਕਿਤ ਸ਼ਰਮਾ ਵੀ ਸ਼ਾਮਲ ਸੀ। ਦੋਹਾਂ ਦੇ ਕਬਜ਼ੇ ’ਚੋਂ ਹਥਿਆਰ ਤੇ 11 ਕਾਰਤੂਸ ਮਿਲੇ ਸਨ। ਉਨ੍ਹਾਂ ਦੱਸਿਆ ਕਿ ਪੁੱਛ-ਪੜਤਾਲ ’ਚ ਪਤਾ ਲੱਗਿਆ ਹੈ ਕਿ ਗੈਂਗਸਟਰ ਬਲਦੇਵ ਚੌਧਰੀ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਸਾਥੀ ਹੈ ਤੇ ਉਸ ਦੇ ਨਾਲ ਕਾਲਜ ’ਚ ਪੜ੍ਹਦਾ ਸੀ। ਬਲਦੇਵ ਚੌਧਰੀ ਨੂੰ ਹਥਿਆਰ ਗੋਲਡੀ ਬਰਾੜ ਦੇ ਕਹਿਣ ’ਤੇ ਪਟਿਆਲਾ ਦੇ ਜਸਕਰਨ ਨੇ ਸਪਲਾਈ ਕੀਤੇ ਸਨ। ਸੂਤਰਾਂ ਮੁਤਾਬਕ ਪੁਲੀਸ ਨੂੰ ਸ਼ੱਕ ਹੈ ਕਿ ਮੁਲਜ਼ਮ ਜਸਕਰਨ, ਗੋਲਡੀ ਬਰਾੜ ਲਈ ਪੈਸੇ ਵਸੂਲਣ ਦਾ ਕੰਮ ਕਰਦਾ ਸੀ। ਇਸ ਮਾਮਲੇ ’ਚ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਵਿਸ਼ੇਸ਼ ਟੀਮ ਬਣਾਈ ਹੈ, ਜੋ ਜਸਕਰਨ ਅਤੇ ਉਸ ਦੇ ਸੰਪਰਕ ’ਚ ਰਹਿਣ ਵਾਲੇ ਲੋਕਾਂ ’ਤੇ ਨਜ਼ਰ ਰੱਖ ਰਹੀ ਹੈ। ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਜਸਕਰਨ ਨੂੰ ਗੋਲਡੀ ਬਰਾੜ ਨੇ ਤਿੰਨੋਂ ਪਿਸਤੌਲ ਕਿੱਥੋਂ ਮੁਹੱਈਆ ਕਰਵਾਏ ਸਨ।