ਜੋਗਿੰਦਰ ਸਿੰਘ ਮਾਨ
ਮਾਨਸਾ, 26 ਜੂਨ
ਪੰਜਾਬ ਪੁਲੀਸ ਕੋਲ ਪੰਜ ਦਿਨ ਦੇ ਰਿਮਾਂਡ ’ਤੇ ਚੱਲ ਰਹੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਲਕੇ 27 ਜੂਨ ਨੂੰ ਰਿਮਾਂਡ ਖ਼ਤਮ ਹੋਣ ਜਾ ਰਿਹਾ ਹੈ, ਜਿਸ ਕਰ ਕੇ ਉਸ ਨੂੰ ਮਾਨਸਾ ਪੁਲੀਸ ਵੱਲੋਂ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਉਸ ਨੂੰ ਦਿੱਲੀ ਦੀ ਤਿਹਾੜ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ 15 ਜੂਨ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰ ਕੇ ਇੱਕ ਹਫ਼ਤੇ ਦਾ ਰਿਮਾਂਡ ਲੈ ਲਿਆ ਸੀ ਅਤੇ ਉਸ ਤੋਂ ਬਾਅਦ 21 ਜੂਨ ਦੀ ਅੱਧੀ ਰਾਤ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਖਰੜ ਸੀਆਈਏ ਸਟਾਫ਼ ਤੋਂ ਲਿਆ ਕੇ ਮੈਡੀਕਲ ਕਰਵਾਉਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰ ਕੇ ਉਸ ਦਾ ਪੰਜ ਦਿਨਾਂ ਦਾ 26 ਜੂਨ ਤੱਕ ਲਿਆ ਗਿਆ ਸੀ। ਹੁਣ ਉਸ ਨੂੰ ਭਲਕੇ ਮੁੜ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲੀਸ ਵਿਭਾਗ ਦੇ ਸੂਤਰਾਂ ਅਨੁਸਾਰ ਸੰਗਰੂਰ ਲੋਕ ਸਭਾ ਦੇ ਨਤੀਜੇ ਹੋਣ ਕਾਰਨ ਇਸ ਵਾਰ ਪੁਲੀਸ ਵੱਲੋਂ ਉਸ ਨੂੰ ਰਾਤ-ਬਰਾਤੇ ਲਿਆਉਣ ਦੀ ਥਾਂ ਦਿਨ ਵੇਲੇ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਮਾਨਸਾ ਪੁਲੀਸ ਵੱਲੋਂ ਡੀਐੱਸਪੀ ਗੋਬਿੰਦਰ ਸਿੰਘ, ਐੱਸਪੀ ਧਰਮਵੀਰ ਸਿੰਘ ਸਮੇਤ ਥਾਣਿਆਂ ਦੇ ਮੁਖੀ ਤੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਦਾ ਵੱਡਾ ਕਾਫ਼ਲਾ ਉਸ ਨੂੰ ਲੈਣ ਲਈ ਭਲਕੇ ਵੱਡੇ ਤੜਕੇ ਹੀ ਖਰੜ ਲਈ ਰਵਾਨਾ ਹੋ ਜਾਵੇਗਾ। ਇਸ ਮਾਮਲੇ ਵਿੱਚ ਦਿੱਲੀ ਪੁਲੀਸ ਦੇ ਸੈਪਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਤੇ ਕਸ਼ਿਸ਼ ਨੂੰ ਪੁਲੀਸ ਪੰਜਾਬ ਲੈ ਕੇ ਆਵੇਗੀ। ਦੋਹਾਂ ਨੂੰ ਉਨ੍ਹਾਂ ਦੇ ਬਠਿੰਡਾ ਰਹਿਣ ਵਾਲੇ ਸਾਥੀ ਕੇਸ਼ਵ ਨਾਲ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।