ਪੱਤਰ ਪ੍ਰੇਰਕ
ਮਾਨਸਾ, 18 ਅਕਤੂਬਰ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਾਨਸਾ ਦੀ ਅਦਾਲਤ ਨੇ ਅੱਜ ਦੀਪਕ ਟੀਨੂ ਦੀ ਪ੍ਰੇਮਿਕਾ ਜਤਿੰਦਰ ਕੌਰ ਨੂੰ ਜੇਲ੍ਹ ਭੇਜ ਦਿੱਤਾ ਹੈ।
ਇਸੇ ਦੌਰਾਨ ਅਦਾਲਤ ਨੇ ਇਸੇ ਮਾਮਲੇ ਵਿੱਚ ਜਗਤਾਰ ਸਿੰਘ ਮੂਸਾ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਹੈ। ਉਹ ਪਿੰਡ ਮੂਸਾ ਦਾ ਹੀ ਵਸਨੀਕ ਹੈ ਅਤੇ ਮਰਹੂਮ ਪੰਜਾਬੀ ਗਾਇਕ ਦੇ ਸ਼ਰੀਕੇ ’ਚੋਂ ਦੱਸਿਆ ਜਾਂਦਾ ਹੈ। ਇਸ ਤੋਂ ਪਹਿਲਾਂ ਦੋਵਾਂ ਮੁਲਜ਼ਮਾਂ ਨੂੰ ਮੈਡੀਕਲ ਕਰਵਾਉਣ ਮਗਰੋਂ ਵੱਖੋ ਵੱਖਰੇ ਤੌਰ ’ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜ਼ਿਲ੍ਹਾ ਪੁਲੀਸ ਮੁਖੀ ਗੌਰਵ ਤੂਰਾ ਨੇ ਦੱਸਿਆ ਕਿ ਜਗਤਾਰ ਸਿੰਘ ਮੂਸਾ ਨੂੰ 20 ਅਕਤੂਬਰ ਨੂੰ ਅਦਾਲਤ ਵਿੱਚ ਮੁੜ ਪੇਸ਼ ਕੀਤਾ ਜਾਵੇਗਾ। ਮਾਨਸਾ ਪੁਲੀਸ ਨੇ ਕਈ ਮਾਮਲਿਆਂ ਬਾਰੇ ਉਸ ਕੋਲੋਂ ਹੋਰ ਪੁੱਛਗਿੱਛ ਕਰਨੀ ਹੈ।
ਉਧਰ, ਗੈਂਗਸਟਰ ਦੀਪਕ ਟੀਨੂ ਦੇ ਫ਼ਰਾਰ ਹੋਣ ’ਚ ਮੱਦਦਗਾਰ ਮੰਨੇ ਜਾਂਦੇ ਲੁਧਿਆਣਾ ਤੋਂ ਜਿੰਮ ਮਾਲਕ ਕੁਲਦੀਪ ਸਿੰਘ ਉਰਫ਼ ਕੋਹਲੀ, ਰਾਜਵੀਰ ਸਿੰਘ ਉਰਫ਼ ਕਾਜ਼ਮਾ ਅਤੇ ਰਜਿੰਦਰ ਸਿੰਘ ਉਰਫ਼ ਗੋਰਾ ਨੂੰ ਭਲਕੇ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲੀਸ ਉਨ੍ਹਾਂ ਦਾ ਹੋਰ ਰਿਮਾਂਡ ਮੰਗੇਗੀ।
ਅਕਾਲੀ ਦਲ (ਅ) ਵੱਲੋਂ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਭਲਕੇ
ਅਕਾਲੀ ਦਲ (ਅ) ਦੇ ਜ਼ਿਲ੍ਹਾ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ 20 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।