ਜੋਗਿੰਦਰ ਸਿੰਘ ਮਾਨ
ਮਾਨਸਾ, 14 ਸਤੰਬਰ
ਮਾਨਸਾ ਪੁਲੀਸ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ੋਸਲ ਮੀਡੀਆ ਰਾਹੀਂ ਲਾਰੈਂਸ ਬਿਸ਼ਨੋਈ ਅਤੇ ਬੰਬੀਹਾ ਗੈਂਗ ਵੱਲੋਂ ਇੱਕ-ਦੂਜੇ ਨੂੰ ਦਿੱਤੀਆਂ ਜਾ ਰਹੀਆਂ ਚੁਣੌਤੀਆਂ ਦੀ ਗੰਭੀਰਤਾ ਨਾਲ ਘੋਖ ਕਰ ਰਹੀ ਹੈ। ਮੂਸੇਵਾਲਾ ਦੇ ਕਤਲ ਮਗਰੋਂ ਹਰ ਦੂਜੇ-ਤੀਜੇ ਦਿਨ ਇਨ੍ਹਾਂ ਧੜਿਆਂ ਵੱਲੋਂ ਇੱਕ-ਦੂਜੇ ਨੂੰ ਨਿੱਤ ਨਵੀਂਆਂ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਹਨ।
ਅੱਜ ਮਰਹੂਮ ਗਾਇਕ ਦੇ ਕਤਲ ਸਬੰਧੀ ਬੰਬੀਹਾ ਗੈਂਗ ਨੇ ਫੇਸਬੁੱਕ ’ਤੇ ਪੋਸਟ ਪਾਈ ਹੈ, ਜਿਸ ਵਿੱਚ ਬੰਬੀਹਾ ਗੈਂਗ ਨੇ ਗੋਲਡੀ ਬਰਾੜ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਵਿਦੇਸ਼ ਬੈਠ ਕੇ ਗੱਲਾਂ ਕਰਨ ਦੀ ਥਾਂ ਪੰਜਾਬ ਆ ਕੇ ਸਾਹਮਣਾ ਕਰਨ ਲਈ ਕਿਹਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਦਾ ਬਦਲਾ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਪੰਜਾਬ ਪੁਲੀਸ ਨੇ ਨੇਪਾਲ ਬਾਰਡਰ ਤੋਂ ਲਾਰੈਂਸ ਗੈਂਗ ਦੇ ਦੀਪਕ ਮੁੰਡੀ, ਕਪਿਲ ਪੰਡਿਤ ਤੇ ਰਾਜੇਂਦਰ ਜੋਕਰ ਨੂੰ ਕਾਬੂ ਕੀਤਾ ਹੈ। ਇਨ੍ਹਾਂ ਤਿੰਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਖੁਲਾਸੇ ਹੋਏ ਹਨ। ਇਸ ਦੇ ਨਾਲ ਹੀ ਪੰਜਾਬ ਸਮੇਤ ਤਿੰਨ ਹੋਰ ਸੂਬਿਆਂ ’ਚ ਐੱਨਆਈਏ ਵੱਲੋਂ ਗੈਂਗਸਟਰਾਂ ਦੇ ਘਰਾਂ ’ਤੇ ਛਾਪਾਮਾਰੀ ਕੀਤੀ ਗਈ ਹੈ।
ਕੇਂਦਰੀ ਜਾਂਚ ਏਜੰਸੀਆਂ ਪਹਿਲਾਂ ਹੀ ਪੰਜਾਬ ਪੁਲੀਸ ਕੋਲ ਪੰਜਾਬ ਵਿੱਚ ਵੱਡੇ ਪੱਧਰ ’ਤੇ ਗੈਂਗਵਾਰ ਛਿੜਨ ਦੀ ਸੰਭਾਵਨਾ ਜਤਾ ਚੁੱਕੀਆਂ ਹਨ, ਜਿਸ ਮਗਰੋਂ ਪੰਜਾਬ ਪੁਲੀਸ ਨੇ ਮੁਸਤੈਦੀ ਵਧਾਉਂਦਿਆਂ ਇਨ੍ਹਾਂ ਗਰੁੱਪਾਂ ਦੀਆਂ ਗਤੀਵਿਧੀਆਂ ’ਤੇ ਪੈਨੀ ਅੱਖ ਰੱਖੀ ਹੋਈ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪੰਜਾਬ ਵਿੱਚ ਬੰਬੀਹਾ ਤੇ ਲਾਰੈਂਸ ਗੈਂਗ ਕਿਸੇ ਵੀ ਵੇਲੇ ਭਿੜ ਸਕਦੇ ਹਨ।
ਬੰਬੀਹਾ ਗੈਂਗ ਮੂਸੇਵਾਲਾ ਹੱਤਿਆਕਾਂਡ ਦੇ ਮੁੱਖ ਸਾਜ਼ਿਜ਼ਘਾੜੇ ਗੈਂਗਸਟਰ ਲਾਰੈਂਸ ਤੇ ਜੱਗੂ ਭਗਵਾਨਪੁਰੀਆ ਨੂੰ ਨਿਸ਼ਾਨਾ ਬਣਾ ਸਕਦਾ ਹੈ, ਜਿਸ ਬਾਰੇ ਬੰਬੀਹਾ ਗੈਂਗ ਵੱਲੋਂ ਪਹਿਲਾਂ ਹੀ ਉਕਤ ਦੋਵਾਂ ਨੂੰ ਪੁਲੀਸ ਹਿਰਾਸਤ ਵਿੱਚ ਮਾਰ ਦੇਣ ਦੀ ਧਮਕੀ ਵੀ ਦਿੱਤੀ ਗਈ ਹੈ। ਇਸ ਧਮਕੀ ਤੋਂ ਬਾਅਦ ਤੋਂ ਹੀ ਲਾਰੈਂਸ ਦੀ ਪੇਸ਼ੀ ਵੀਡੀਓ ਕਾਨਫਰੰਸ ਰਾਹੀਂ ਕਰਵਾਈ ਜਾ ਰਹੀ ਹੈ। ਇਸ ਸਬੰਧੀ ਦਿੱਲੀ ਸਪੈਸ਼ਨ ਸੈੱਲ ਦੀ ਪੁਲੀਸ ਨੇ ਬੰਬੀਹਾ ਗੈਂਗ ਦੇ ਛੇ ਮੈਂਬਰ ਕਾਬੂ ਕੀਤੇ ਹਨ, ਜਿਨ੍ਹਾਂ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਬੰਬੀਹਾ ਗੈਂਗ ਨੇ ਪੁਲੀਸ ਹਿਰਾਸਤ ’ਚ ਲਾਰੈਂਸ ਤੇ ਜੱਗੂ ਨੂੰ ਨਿਸ਼ਾਨਾ ਬਣਾਉਣ ਦਾ ਪ੍ਰੋਗਰਾਮ ਉਲੀਕਿਆ ਹੈ।
ਪੋਸਟਾਂ ਬਾਰੇ ਪੁਲੀਸ ਗੰਭੀਰ: ਐੱਸਐੱਸਪੀ
ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਸ਼ੋਸਲ ਮੀਡੀਆ ’ਤੇ ਪਾਈਆਂ ਜਾ ਰਹੀਆਂ ਅਜਿਹੀਆਂ ਪੋਸਟਾਂ ਬਾਰੇ ਮਾਨਸਾ ਪੁਲੀਸ ਪਹਿਲਾਂ ਹੀ ਗੰਭੀਰ ਹੈ ਤੇ ਇਨ੍ਹਾਂ ਉਪਰ ਬਕਾਇਦਾ ਨਜ਼ਰਸਾਨੀ ਰੱਖੀ ਜਾ ਰਹੀ ਹੈ।