ਜੋਗਿੰਦਰ ਸਿੰਘ ਮਾਨ
ਮਾਨਸਾ, 10 ਜੂਨ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ 8 ਸ਼ਾਰਪ ਸ਼ੂਟਰਾਂ ਵਿੱਚੋਂ ਇੱਕ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਖ਼ੁਦ ਪੁਲੀਸ ਹਵਾਲੇ ਕਰ ਦਿੱਤਾ ਹੈ। ਮੁਲਜ਼ਮ ਦੀ ਪਛਾਣ ਬਠਿੰਡਾ ਵਾਸੀ ਹਰਕਮਲ ਸਿੰਘ ਉਰਫ਼ ਰਾਣੂ (27) ਵਜੋਂ ਹੋਈ ਹੈ। ਸੂਤਰਾਂ ਮੁਤਾਬਕ ਹਰਕਮਲ ਰਾਣੂ ਦੇ ਦਾਦੇ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਅੱਜ ਪੁਲੀਸ ਨੂੰ ਘਰ ਬੁਲਾ ਕੇ ਹਰਕਮਲ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ ਹੈ। ਉਝ ਰਾਣੂ ਨੂੰ ਪੁਲੀਸ ਵੱਲੋਂ ਹਿਰਾਸਤ ਵਿਚ ਲੈਣ ਦੀ ਵੀ ਚਰਚਾ ਹੈ ਪਰ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਉਧਰ ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਦੋ ਮੁਲਜ਼ਮਾਂ ਪ੍ਰਭਦੀਪ ਸਿੰਘ ਪੱਬੀ ਅਤੇ ਸੰਦੀਪ ਕੁਮਾਰ ਉਰਫ਼ ਕੇਕੜਾ ਵਾਸੀ ਕਾਲਿਆਂਵਾਲੀ (ਹਰਿਆਣਾ) ਦਾ ਭਲਕੇ ਸ਼ਨਿਚਰਵਾਰ ਨੂੰ ਰਿਮਾਂਡ ਖ਼ਤਮ ਹੋ ਰਿਹਾ ਹੈ। ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਮੰਗਿਆ ਜਾ ਸਕਦਾ ਹੈ। ਹਰਕਮਲ ਰਾਣੂ ਦੇ ਦਾਦਾ ਗੁਰਚਰਨ ਸਿੰਘ ਨੇ ਅੱਜ ਇਥੇ ਮੀਡੀਆ ਨੂੰ ਦੱਸਿਆ ਕਿ ਹਰਕਮਲ ਨੂੰ ਉਦੋਂ ਪੁਲੀਸ ਹਵਾਲੇ ਕੀਤਾ ਗਿਆ, ਜਦੋਂ ਉਸ ਨੇ ਭਰੋਸਾ ਦਿਵਾਇਆ ਕਿ ਮੂਸੇਵਾਲਾ ਕਤਲ ਕਾਂਡ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। ਮਾਨਸਾ ਪੁਲੀਸ ਨੇ ਹਾਲਾਂਕਿ ਹਰਕਮਲ ਸਿੰਘ ਉਰਫ਼ ਰਾਣੂ ਨੂੰ ਹਿਰਾਸਤ ਵਿੱਚ ਨਾ ਲੈਣ ਦਾ ਦਾਅਵਾ ਕੀਤਾ ਹੈ। ਗੁਰਚਰਨ ਸਿੰਘ ਨੇ ਦੱਸਿਆ ਹੈ ਕਿ ਰਾਣੂ ਨਸ਼ੇ ਕਰਨ ਦਾ ਆਦੀ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਪੁਲੀਸ ਕੋਲ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਖ਼ੁਦ ਉਸ ਨਾਲ ਸਵਾਲ-ਜਵਾਬ ਕੀਤੇ ਸਨ, ਜਿਸ ਦੌਰਾਨ ਰਾਣੂ ਨੇ ਸਾਫ਼ ਕਿਹਾ ਕਿ ਬੇਸ਼ੱਕ ਉਸ ਦਾ ਨਾਂ ਸ਼ਾਰਪ-ਸ਼ੂਟਰਾਂ ਦੀ ਸੂਚੀ ਵਿੱਚ ਸ਼ਾਮਲ ਹੈ, ਪਰ ਇਸ ਕਤਲ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਆਪਣੇ ਬੱਚੇ ’ਤੇ ਭਰੋਸਾ ਹੋਣ ਤੋਂ ਬਾਅਦ ਹੀ ਉਸ ਨੂੰ ਘਰ ਆਈ ਪੁਲੀਸ ਹਵਾਲੇ ਕੀਤਾ ਗਿਆ ਹੈ। ਉਧਰ ਸਿਰਸਾ ਜ਼ਿਲ੍ਹੇ ਦੇ ਪਿੰਡ ਤਖ਼ਤਮੱਲ ਦੇ ਵਸਨੀਕ ਪ੍ਰਭਦੀਪ ਸਿੰਘ ਪੱਬੀ ਅਤੇ ਸੰਦੀਪ ਕੁਮਾਰ ਉਰਫ਼ ਕੇਕੜਾ ਵਾਸੀ ਕਾਲਿਆਂਵਾਲੀ (ਹਰਿਆਣਾ) ਦਾ ਰਿਮਾਂਡ ਭਲਕੇ ਸ਼ਨਿਚਰਵਾਰ ਨੂੰ ਖ਼ਤਮ ਹੋ ਰਿਹਾ ਹੈ ਅਤੇ ਪੁਲੀਸ ਅੱਜ ਸਾਰਾ ਦਿਨ ਉਨ੍ਹਾਂ ਤੋਂ ਪੁੱਛਗਿੱਛ ਕਰਦੀ ਰਹੀ। ਮਾਨਸਾ ਪੁਲੀਸ ਨੇ ਮੁਲਜ਼ਮਾਂ ਤੋਂ ਕੀਤੀ ਪੁੱਛਗਿੱਛ ਬਾਰੇ ਭਾਵੇਂ ਪੱਤਰਕਾਰਾਂ ਨੂੰ ਕੁਝ ਨਹੀਂ ਦੱਸਿਆ, ਪਰ ਜਾਣਕਾਰੀ ਅਨੁਸਾਰ ਕੇਕੜਾ ਨੇ ਪੁਲੀਸ ਕੋਲ ਇਹ ਖੁਲਾਸਾ ਕੀਤਾ ਹੈ ਕਿ ਉਸ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਬਦਲੇ ਕੁਝ ਪੈਸੇ ਹਾਸਲ ਕੀਤੇ ਸਨ। ਕੇਕੜਾ ਨੇ ਕਿਹਾ ਕਿ ਉਸ ਨੂੰ ਮੂਸੇਵਾਲਾ ਦੇ ਕਤਲ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸ ਨੂੰ ਇਸ ਕੰਮ ਲਈ ਪ੍ਰਭਦੀਪ ਪੱਬੀ ਨੇ ਹੀ ਤਿਆਰ ਕੀਤਾ ਸੀ। ਉਸ ਨੇ ਪੁਲੀਸ ਨੂੰ ਦੱਸਿਆ ਹੈ ਕਿ ਕਤਲ ਵਾਲੇ ਦਿਨ ਉਸ ਦੀ ਕੈਨੇਡਾ ਬੈਠੇ ਗੋਲਡੀ ਬਰਾੜ ਨਾਲ 13 ਵਾਰ ਗੱਲ ਹੋਈ ਹੈ, ਪਰ ਉਸ ਨੂੰ ਇਹ ਇਲਮ ਨਹੀਂ ਸੀ ਕਿ ਗੋਲਡੀ ਬਰਾੜ ਵੱਡਾ ਗੈਂਗਸਟਰ ਹੈ।
ਪੁਲੀਸ ’ਤੇ ਗੋਲੀ ਚਲਾ ਕੇ ਭੱਜੇ ਦੋ ਗੈਂਗਸਟਰ ਕਾਬੂ
ਬਟਾਲਾ (ਹਰਜੀਤ ਸਿੰਘ ਪਰਮਾਰ): ਪੁਲੀਸ ਨੇ ਥਾਣਾ ਘਣੀਏ ਕੇ ਬਾਂਗਰ ਦੇ ਖੇਤਰ ਤੋਂ ਮੁਕਾਬਲੇ ਦੌਰਾਨ ਦੋ ਗੈਂਗਸਟਰਾਂ ਨੂੰ ਹਥਿਆਰਾਂ ਸਣੇ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਘਣੀਏ ਕੇ ਬਾਂਗਰ ਵਿੱਚ ਕੇਸ ਦਰਜ ਕਰ ਲਿਆ ਹੈ। ਐੱਸਐੱਸਪੀ ਰਾਜਪਾਲ ਸਿੰਘ ਸੰਧੂ ਨੇ ਦੱਸਿਆ ਕਿ ਸੀਆਈਏ ਸਟਾਫ ਵੱਲੋਂ ਥਾਣਾ ਘਣੀਏ ਕੇ ਬਾਂਗਰ ਦੇ ਸੂਏ ਦੇ ਪੁਲ ਨਜ਼ਦੀਕ ਨਾਕਾ ਲਾ ਕੇ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪਿੰਡ ਕਿਲਾ ਦੇਸਾ ਸਿੰਘ ਵੱਲੋਂ ਆਉਂਦੇ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਨੌਜਵਾਨਾਂ ਨੂੰ ਪੁਲੀਸ ਨੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲੀਸ ’ਤੇ ਗੋਲੀ ਚਲਾ ਕੇ ਦੌੜਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਉਨ੍ਹਾਂ ਦਾ ਪਿੱਛਾ ਕਰਕੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਜਦਕਿ ਦੂਸਰੇ ਮੋਟਰਸਾਈਕਲ ’ਤੇ ਸਵਾਰ ਦੋਵੇਂ ਨੌਜਵਾਨ ਫ਼ਰਾਰ ਹੋ ਗਏ। ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ, ਇੱਕ ਮੈਗਜ਼ੀਨ, 7 ਕਾਰਤੂਸ ਬਰਾਮਦ ਹੋਏ ਹਨ। ਗ੍ਰਿਫ਼ਤਾਰਾਂ ਦੀ ਪਛਾਣ ਰਮਨਦੀਪ ਸਿੰਘ ਵਾਸੀ ਮੁਰੀਦਕੇ ਤੇ ਸੁਰਜੀਤ ਸਿੰਘ ਵਾਸੀ ਖਹਿਰਾ ਕਲਾਂ ਵਜੋਂ ਹੋਈ ਹੈ ਜਦਕਿ ਫ਼ਰਾਰ ਹੋਣ ਵਾਲਿਆਂ ਵਿੱਚ ਹੀਰਾ ਤੇ ਮਨਵੀਰ ਸਿੰਘ ਵਾਸੀ ਚਿਤੌੜਗੜ੍ਹ ਹਨ।