ਨਵੀਂ ਦਿੱਲੀ, 20 ਜੂਨ
ਮੁੱਖ ਅੰਸ਼
- ਅੱਠ ਗਰਨੇਡ, ਨੌਂ ਡੈਟੋਨੇਟਰ, ਤਿੰਨ ਪਿਸਤੌਲ ਤੇ ਇੱਕ ਅਸਾਲਟ ਰਾਈਫਲ ਬਰਾਮਦ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਦੋ ਸ਼ਾਰਪ ਸ਼ੂਟਰਾਂ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪ੍ਰਿਆਵਰਤ ਉਰਫ਼ ਫੌਜੀ (26) ਵਾਸੀ ਸੋਨੀਪਤ, ਕਸ਼ਿਸ਼ (24) ਵਾਸੀ ਜ਼ਿਲ੍ਹਾ ਝੱਜਰ ਅਤੇ ਕੇਸ਼ਵ ਕੁਮਾਰ (29) ਵਾਸੀ ਬਠਿੰਡਾ (ਪੰਜਾਬ) ਵਜੋਂ ਹੋਈ ਹੈ। ਦਿੱਲੀ ਦੀ ਇੱਕ ਅਦਾਲਤ ਨੇ ਤਿੰਨਾਂ ਨੂੰ 14 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਵਧੀਕ ਸੈਸ਼ਨ ਜੱਜ ਸੰਜੈ ਖਨਗਵਾਲ ਦੀ ਅਦਾਲਤ ਨੂੰ ਦੱਸਿਆ ਕਿ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਇਨ੍ਹਾਂ ਤਿੰਨਾਂ ਨੂੰ ਗੁਜਰਾਤ ਦੇ ਕੱਛ ਵਿੱਚੋਂ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੇ ਮੁਖੀ ਐੱਚਜੀਐੱਸ ਧਾਲੀਵਾਲ ਨੇ ਦੱਸਿਆ ਕਿ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਮੁਲਜ਼ਮਾਂ ਨੇ ਕਈ ਵਾਰ ਉਸ ਦੀ ਰੈਕੀ ਕੀਤੀ ਸੀ। ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੁਲਜ਼ਮਾਂ ਕੋਲੋਂ ਅੱਠ ਗ੍ਰੇਨੇਡ, ਨੌਂ ਇਲੈਕਟ੍ਰਿਕ ਡੈਟੋਨੇਟਰ, ਤਿੰਨ ਪਿਸਤੌਲ ਅਤੇ ਇੱਕ ਅਸਾਲਟ ਰਾਈਫਲ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਿਆਵਰਤ ਨੇ ਸ਼ੂਟਰਾਂ ਦੀ ਟੀਮ ਦੀ ਅਗਵਾਈ ਕੀਤੀ ਸੀ ਅਤੇ ਘਟਨਾ ਸਮੇਂ ਉਹ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਨਾਲ ਸਿੱਧੇ ਸੰਪਰਕ ਵਿੱਚ ਸੀ। ਉਹ ਕਤਲ ਕੇਸ ਵਿੱਚ ਮੁੱਖ ਸ਼ੂਟਰ ਹੈ ਤੇ ਉਸ ਨੇ ਹੀ ਹੱਤਿਆ ਨੂੰ ਅੰਜਾਮ ਦਿੱਤਾ ਹੈ। ਦੱਸਣਯੋਗ ਹੈ ਕਿ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਘਟਨਾ ਤੋਂ ਪਹਿਲਾਂ ਇੱਕ ਪੈਟਰੋਲ ਪੰਪ ਦੀ ਸੀਸੀਟੀਵੀ ਫੁਟੇਜ ਵਿੱਚ ਪ੍ਰਿਆਵਰਤ ਨੂੰ ਦੇਖਿਆ ਗਿਆ ਸੀ। ਪੁਲੀਸ ਨੇ ਦੱਸਿਆ ਕਿ ਉਹ ਪਹਿਲਾਂ ਵੀ ਹੱਤਿਆ ਦੇ ਦੋ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ। ਉਸ ਨੂੰ 2015 ਵਿੱਚ ਸੋਨੀਪਤ ਵਿੱਚ ਹੱਤਿਆ ਦੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ 2021 ਵਿੱਚ ਸੋਨੀਪਤ ਵਿੱਚ ਹੋਏ ਕਤਲ ਵਿੱਚ ਵੀ ਲੋੜੀਂਦਾ ਸੀ। ਪੁਲੀਸ ਮੁਤਾਬਕ ਕਸ਼ਿਸ਼ ਵੀ ਇੱਕ ਸ਼ੂਟਰ ਹੈ ਅਤੇ ਉਹ ਵੀ ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆਇਆ ਸੀ। ਉਹ ਹਰਿਆਣਾ ਦੇ ਝੱਜਰ ਵਿੱਚ 2021 ਵਿੱਚ ਹੋਈ ਹੱਤਿਆ ਦੇ ਇੱਕ ਕੇਸ ਵਿੱਚ ਲੋੜੀਂਦਾ ਹੈ। ਪੁਲੀਸ ਨੇ ਦੱਸਿਆ ਕਿ ਕੇਸ਼ਵ ਉਨ੍ਹਾਂ ਦਾ ਮਦਦਗਾਰ ਸੀ ਅਤੇ ਗੋਲੀਬਾਰੀ ਤੋਂ ਤੁਰੰਤ ਬਾਅਦ ਉਹ ਸ਼ੂਟਰ ਨੂੰ ਇੱਕ ਆਲਟੋ ਕਾਰ ਵਿੱਚ ਲੈ ਕੇ ਗਿਆ ਸੀ। ਉਹ ਘਟਨਾ ਵਾਲੇ ਦਿਨ ਤੱਕ ਮਾਨਸਾ ਤੱਕ ਸ਼ੂਟਰ ਦੇ ਨਾਲ ਰਿਹਾ। ਉਨ੍ਹਾਂ ਦੱਸਿਆ ਕਿ ਉਸ ਨੂੰ 2020 ਵਿੱਚ ਬਠਿੰਡਾ ਵਿੱਚ ਕਤਲ ਦੇ ਇੱਕ ਕੇਸ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੰਜਾਬ ਵਿੱਚ ਜਬਰੀ ਵਸੂਲੀ ਦੇ ਮਾਮਲਿਆਂ ਵਿੱਚ ਵੀ ਸ਼ਮੂਲੀਅਤ ਹੋਣ ਦਾ ਸ਼ੱਕ ਹੈ। -ਪੀਟੀਆਈ