ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ , 13 ਅਕਤੂਬਰ
ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੁਸੇਵਾਲਾ ਦੇ ਕਤਲ ਮਾਮਲੇ ਵਿਚ ਨਾਮਜ਼ਦ ਜਗਤਾਰ ਸਿੰਘ ਵਾਸੀ ਪਿੰਡ ਮੂਸੇਵਾਲਾ ਨੂੰ ਅੱਜ ਇਮੀਗ੍ਰੇਸ਼ਨ ਵਿਭਾਗ ਨੇ ਸਥਾਨਕ ਹਵਾਈ ਅੱਡੇ ਤੋਂ ਕਾਬੂ ਕੀਤਾ ਹੈ। ਉਹ ਇੱਥੋਂ ਏਅਰ ਇੰਡੀਆ ਹਵਾਈ ਕੰਪਨੀ ਦੀ ਇਕ ਉਡਾਣ ਰਾਹੀਂ ਦੁਬਈ ਜਾਣ ਦੀ ਤਾਕ ਵਿੱਚ ਸੀ।
ਮਿਲੇ ਵੇਰਵਿਆਂ ਮੁਤਾਬਕ ਇਹ ਵਿਅਕਤੀ ਮਾਨਸਾ ਪੁਲੀਸ ਵਲੋਂਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜਦ ਕੀਤਾ ਹੋਇਆ ਹੈ ਅਤੇ ਪੁਲੀਸ ਵੱਲੋਂ ਉਸ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਹੋਇਆ ਸੀ, ਜਿਸ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਹਵਾਈ ਅੱਡਾ ਪ੍ਰਸ਼ਾਸਨ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਅਦ ਵਿੱਚ ਉਸ ਨੂੰ ਸਥਾਨਕ ਪੁਲੀਸ ਨੂੰ ਸੌਂਪ ਦਿੱਤਾ ਗਿਆ।
ਇਸ ਦੀ ਪੁਸ਼ਟੀ ਕਰਦਿਆਂ ਪੁਲੀਸ ਦੇ ਸਹਾਇਕ ਕਮਿਸ਼ਨਰ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਸਵੇਰ 8.15 ਵਜੇ ਦੁਬਈ ਜਾਣ ਵਾਲੀ ਉਡਾਨ ਰਾਹੀ ਦੁਬਈ ਜਾ ਰਿਹਾ ਸੀ ਪਰ ਉਸ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ ਹੈ। ਇਹ ਵਿਅਕਤੀ ਪਿੰਡ ਮੂਸੇਵਾਲ ਦਾ ਹੀ ਵਾਸੀ ਹੈ। ਮਾਨਸਾ ਪੁਲੀਸ ਦੇ ਐਸਐਸਪੀ ਗੌਰਵ ਤੂਰਾ ਨੇ ਦਸਿਆ ਕਿ ਸਿੱਧੂ ਮੂਸੇਵਾਲ ਦੇ ਪਰਿਵਾਰ ਵਲੋਂ ਦੋਸ਼ ਲਾਇਆ ਗਿਆ ਸੀ ਕਿ ਇਹ ਵਿਅਕਤੀ ਵੀ ਕਤਲ ਦੀ ਯੋਜਨਾ ਵਿਚ ਸ਼ਾਮਲ ਸੀ ਅਤੇ ਇਸ ਨੇ ਸਿੱਧੂ ਮੂਸੇਵਾਲ ਦੀਆਂ ਗਤੀਵਿਧੀਆਂ ਦੀ ਰੈਕੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਨੇ ਜਾਂਚ ਵਿਚ ਸ਼ਮੂਲੀਅਤ ਵੀ ਕੀਤੀ ਸੀ। ਇਸ ਮਾਮਲੇ ਦੀ ਜਾਂਚ ਫਿਲਹਾਲ ਜਾਰੀ ਹੈ ਇਸ ਲਈ ਪੁਲੀਸ ਨੇ ਉਸ ਖਿਲਾਫ ਲੁੱਕ-ਆਊਟ ਨੋਟਿਸ ਜਾਰੀ ਕੀਤਾ ਹੋਇਆ ਸੀ ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾ ਸਕੇ। ਉਨ੍ਹਾਂ ਕਿਹਾ ਕਿ ਮਾਮਲਾ ਅਜੇ ਜਾਂਚ ਅਧੀਨ ਹੈ ਇਸ ਲਈ ਉਸਨੂੰ ਦੇਸ਼ ਛੱਡ ਕੇ ਜਾਣ ਦਾ ਯਤਨ ਨਹੀ ਕਰਨਾ ਚਾਹੀਦਾ ਸੀ। ਇਸ ਮਾਮਲੇ ਵਿਚ ਉਸ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ।
ਟੀਨੂ ਦੀ ਪ੍ਰੇਮਿਕਾ ਨੂੰ ਅਦਾਲਤ ’ਚ ਅੱਜ ਕੀਤਾ ਜਾਵੇਗਾ ਪੇਸ਼
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਸੀਆਈਏ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਦੀ ਗ੍ਰਿਫ਼ਤ ’ਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂ ਦੀ ਪ੍ਰੇਮਿਕਾ ਦੱਸੀ ਜਾਂਦੀ ਜਤਿੰਦਰ ਕੌਰ ਨੂੰ ਭਲਕੇ ਇਥੋਂ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਸੰਭਵ ਹੈ ਕਿ ਉਸ ਦਾ ਮੁੜ ਰਿਮਾਂਡ ਹਾਸਲ ਕੀਤਾ ਜਾਵੇ ਤਾਂ ਜੋ ਰਹਿੰਦੀ ਪੁੱਛ-ਪੜਤਾਲ ਨੂੰ ਪੂਰਾ ਕੀਤਾ ਜਾ ਸਕੇ।
ਮਾਨਸਾ ਅਦਾਲਤ ’ਚ ਅੱਜ ਕੀਤਾ ਜਾਵੇਗਾ ਪੇਸ਼
ਮਾਨਸਾ (ਜੋਗਿੰਦਰ ਸਿੰਘ ਮਾਨ): ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤੇ ਗਏ ਜਗਤਾਰ ਸਿੰਘ ਨੂੰ ਮਾਨਸਾ ’ਚ ਭਲਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈਣ ਤੋਂ ਬਾਅਦ ਪੁੱਛ-ਪੜਤਾਲ ਕੀਤੀ ਜਾਵੇਗੀ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਉਸ ਨੂੰ ਮਾਨਸਾ ਪੁਲੀਸ ਇਥੇ ਲੈ ਕੇ ਆ ਗਈ ਹੈ। ਉਧਰ ਜਗਤਾਰ ਸਿੰਘ ਦੀ ਮਾਤਾ ਅਮਰਜੀਤ ਕੌਰ ਨੇ ਆਪਣੇ ਪੁੱਤਰ ਨੂੰ ਬੇਕਸੂਰ ਦੱਸਿਆ ਹੈ। ਉਨ੍ਹਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕੋਈ ਦੁਸ਼ਮਣੀ ਹੋਣ ਤੋਂ ਇਨਕਾਰ ਕੀਤਾ।
ਕੈਨੇਡਾ ਰਹਿੰਦੇ ਗੈਂਗਸਟਰ ਦੇ ਦੋ ਸ਼ੂਟਰ ਦਿੱਲੀ ’ਚ ਗ੍ਰਿਫ਼ਤਾਰ
ਨਵੀਂ ਦਿੱਲੀ: ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਸ਼ਹਿਰ ’ਚ ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਦੋ ਸ਼ੂਟਰਾਂ ਰਵਿੰਦਰ ਸਿੰਘ (21) ਅਤੇ ਨਵਦੀਪ ਸਿੰਘ (26) ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਗੁਰਦਾਸਪੁਰ ਦੇ ਵਸਨੀਕ ਹਨ ਅਤੇ ਬਠਿੰਡਾ ਆਧਾਰਿਤ ਕਾਰੋਬਾਰੀ ਅੰਕਿਤ ਗੋਇਲ ਦੇ ਘਰ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ’ਚ ਉਹ ਲੋੜੀਂਦੇ ਸਨ। ਉਨ੍ਹਾਂ ਕਾਰੋਬਾਰੀ ਤੋਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਸੀਨੀਅਰ ਅਧਿਕਾਰੀ ਮੁਤਾਬਕ ਦੋਵੇਂ ਕੈਨੇਡਾ ਆਧਾਰਿਤ ਗੈਂਗਸਟਰ ਅਰਸ਼ਦੀਪ ਡੱਲਾ ਦੇ ਹੁਕਮਾਂ ’ਤੇ ਦਿੱਲੀ ਆਏ ਸਨ। ਰਵਿੰਦਰ ਅਤੇ ਨਵਦੀਪ ਨੂੰ ਫਿਰੋਜ਼ਪੁਰ ਜੇਲ੍ਹ ’ਚ ਬੰਦ ਤਰਨਜੋਤ ਸਿੰਘ ਨੇ ਦਿੱਲੀ ’ਚ ਇਕ ਵਿਅਕਤੀ ਨੂੰ ਮਾਰਨ ਲਈ ਭੇਜਿਆ ਸੀ। ਇਸ ਵਿਅਕਤੀ ਨੇ ਗਰੋਹ ਤੋਂ ਪੰਜ ਕਰੋੜ ਰੁਪਏ ਅਦਾ ਕਰਨ ਦੀ ਧਮਕੀ ਮਿਲਣ ਮਗਰੋਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਡੀਸੀਪੀ (ਵਿਸ਼ੇਸ਼ ਸੈੱਲ) ਰਾਜੀਵ ਰਾਜਨ ਸਿੰਘ ਨੇ ਕਿਹਾ ਕਿ ਦੋਵੇਂ ਸ਼ੂਟਰਾਂ ਨੂੰ 22 ਸਤੰਬਰ ਨੂੰ ਦਿੱਲੀ ਦੇ ਜਹਾਂਗੀਰਪੁਰੀ ’ਚ ਮੁਕਰਬਾ ਚੌਕ ਫਲਾਈਓਵਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਲ੍ਹ ’ਚ ਬੰਦ ਤਰਨਜੋਤ ਦੇ ਖਾਲਿਸਤਾਨ ਟਾਈਗਰ ਫੋਰਸ ਦੇ ਹਰਦੀਪ ਨਿੱਜਰ ਨਾਲ ਵੀ ਨੇੜਲੇ ਸਬੰਧ ਹਨ। ਪੁੱਛ-ਪੜਤਾਲ ਦੌਰਾਨ ਨਵਦੀਪ ਨੇ ਪੁਲੀਸ ਨੂੰ ਦੱਸਿਆ ਕਿ ਉਹ ਤਰਨਜੋਤ ਤੋਂ ਪ੍ਰਭਾਵਿਤ ਸੀ ਅਤੇ ਥੋੜ੍ਹੇ ਸਮੇਂ ’ਚ ਵੱਡੀ ਰਕਮ ਹਾਸਲ ਕਰਨਾ ਚਾਹੁੰਦਾ ਸੀ ਜਿਸ ਕਾਰਨ ਉਹ ਜੁਰਮ ਦੀ ਦੁਨੀਆ ਨਾਲ ਜੁੜ ਗਿਆ ਅਤੇ ਰਵਿੰਦਰ ਦੇ ਸੰਪਰਕ ’ਚ ਆਇਆ। -ਪੀਟੀਆਈ