ਨਵੀਂ ਦਿੱਲੀ: ਦਿੱਲੀ ਪੁਲੀਸ ਦੇ ਸਪੈਸ਼ਲ ਪੁਲੀਸ ਕਮਿਸ਼ਨਰ ਐੱਚ.ਐੱਸ. ਧਾਲੀਵਾਲ ਨੇ ਬੁੱਧਵਾਰ ਨੂੰ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਹੀ ਸਿੱਧੂ ਮੂਸੇਵਾਲਾ ਹੱਤਿਆ ਕੇਸ ਦਾ ਮਾਸਟਰਮਾਈਂਡ ਹੈ। ਇਸ ਸਮੇਂ ਲਾਰੈਂਸ ਬਿਸ਼ਨੋਈ ਦਿੱਲੀ ਪੁਲੀਸ ਦੀ ਹਿਰਾਸਤ ਵਿੱਚ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ ਪੁਲੀਸ ਨੇ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਕਥਿਤ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਦੇ ਕਰੀਬੀ ਸਾਥੀ ਸਿਧੇਸ਼ ਹੀਰਾਮਨ ਕਾਮਲੇ ਉਰਫ ਮਹਾਕਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਸਿਧੇਸ਼ ਨੂੰ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਇਸ ਹੱਤਿਆ ਕਾਂਡ ਨਾਲ ਸਬੰਧਤ ਪੰਜ ਹੋਰ ਸ਼ੱਕੀ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। -ਪੀਟੀਆੲਂੀ