ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 25 ਜੂਨ
ਪਿੰਡ ਫੱਜੂਪੁਰ ਦੇ ਸ਼ਮਸ਼ਾਨਘਾਟ ਵਿੱਚ ਸੁੱਤੇ ਪਏ ਦੋ ਵਿਅਕਤੀਆਂ ਦਾ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਕਤਲ ਕਰ ਕੇ ਲਾਸ਼ਾਂ ਨੇੜਲੇ ਖੇਤ ਵਿੱਚ ਸੁੱਟ ਦਿੱਤੀਆਂ। ਮ੍ਰਿਤਕਾਂ ਦੀ ਪਛਾਣ ਸਟੀਫਨ ਮਸੀਹ (50) ਅਤੇ ਸ਼ਾਮ ਲਾਲ (35) ਪੁੱਤਰ ਲਛਮਣ ਦਾਸ ਵਾਸੀ ਪਿੰਡ ਲੇਹਲ ਵਜੋਂ ਹੋਈ ਹੈ। ਪਿੰਡ ਲੇਹਲ ਦੇ ਕਿਸਾਨ ਤਰਲੋਕ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਜ਼ਮੀਨ ਅਤੇ ਮੋਟਰ ਦੇ ਕੋਲ ਪਿੰਡ ਫੱਜੂਪੁਰ ਦੇ ਸ਼ਮਸ਼ਾਨਘਾਟ ਅੰਦਰ ਇਕ ਮੰਦਰ ਬਣਿਆ ਹੋਇਆ ਹੈ। ਇਸ ਮੰਦਰ ਵਿੱਚ ਸ਼ਾਮ ਲਾਲ ਦੇ ਨਾਲ ਸਟੀਫਨ ਮਸੀਹ ਵੀ ਰਹਿੰਦਾ ਸੀ। ਕਿਸਾਨ ਮੁਤਾਬਕ ਸ਼ਮਸ਼ਾਨਘਾਟ ਵਿੱਚ ਆਸ-ਪਾਸ ਦੇ ਲੜਕੇ ਵੀ ਆ ਕੇ ਬੈਠੇ ਰਹਿੰਦੇ ਸਨ ਅਤੇ ਤਾਸ਼ ਵਗੈਰਾ ਖੇਡਦੇ ਸਨ। ਅੱਜ ਸਵੇਰੇ ਸਾਢੇ 6 ਵਜੇ ਜਦੋਂ ਤਰਲੋਕ ਸਿੰਘ ਆਪਣੀ ਮੋਟਰ ’ਤੇ ਗੇੜਾ ਮਾਰਨ ਲਈ ਗਿਆ ਤਾਂ ਸ਼ਮਸ਼ਾਨਘਾਟ ਦੇ ਸਾਹਮਣੇ ਬਿੱਟੂ ਦੇ ਝੋਨਾ ਲੱਗੇ ਖੇਤ ਵਿੱਚ ਸ਼ਾਮ ਲਾਲ ਤੇ ਸਟੀਫਨ ਦੀਆਂ ਲਾਸ਼ਾਂ ਮਿਲੀਆਂ।