ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 21 ਜੁਲਾਈ
ਪਿੰਡ ਚੌਟਾਲਾ ਵਿੱਚ ਦੇਰ ਰਾਤ ਅਸਲਾਧਾਰੀ ਚਾਰ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਸ਼ਰਾਬ ਦੇ ਦੋ ਠੇਕੇਦਾਰਾਂ ਦਾ ਕਤਲ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਜੈ ਪ੍ਰਕਾਸ਼ ਵਾਸੀ ਚੌਟਾਲਾ ਅਤੇ ਮੁਕੇਸ਼ ਗੋਦਾਰਾ ਵਾਸੀ ਭਾਰੂਖੇੜਾ ਵਜੋਂ ਹੋਈ ਹੈ। ਪੁਲੀਸ ਨੂੰ ਮੌਕੇ ਤੋਂ ਕਰੀਬ ਵੀਹ ਚੱਲੇ ਹੋਏ ਕਾਰਤੂਸ ਬਰਾਮਦ ਹੋਏ ਹਨ।
ਜਾਣਕਾਰੀ ਅਨੁਸਾਰ ਰਾਤ ਕਰੀਬ ਸਵਾ ਦਸ ਵਜੇ ਜਦੋਂ ਸ਼ਰਾਬ ਦੇ ਠੇਕੇਦਾਰ ਜੈ ਪ੍ਰਕਾਸ਼ ਅਤੇ ਮੁਕੇਸ਼ ਆਪਣੇ ਦਫ਼ਤਰ ’ਚੋਂ ਬਾਹਰ ਆ ਕੇ ਗੱਡੀ ਵਿੱਚ ਬੈਠਣ ਲੱਗੇ ਤਾਂ ਚਾਰ ਨੌਜਵਾਨਾਂ ਨੇ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਵਰਾਦਾਤ ਨੂੰ ਅੰਜਾਮ ਦੇ ਕੇ ਚਾਰੇ ਮੋਟਰਸਾਈਕਲਾਂ ’ਤੇ ਫ਼ਰਾਰ ਹੋ ਗਏ। ਇਸ ਮਗਰੋਂ ਜੈ ਪ੍ਰਕਾਸ਼ ਅਤੇ ਮੁਕੇਸ਼ ਨੂੰ ਜ਼ਖ਼ਮੀ ਹਾਲਤ ’ਚ ਸਿਰਸਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਮੁਕੇਸ਼ ਦੇ ਚਚੇਰੇ ਭਰਾ ਵਿਜੈ ਕੁਮਾਰ ਨੇ ਪੁਲੀਸ ਨੂੰ ਦਿੱਤੇ ਬਿਆਨ ’ਚ ਆਖਿਆ ਕਿ ਜੈ ਪ੍ਰਕਾਸ਼ ਅਤੇ ਪਰਮ ਗੋਦਾਰਾ ਕੋਲ ਚੌਟਾਲਾ ਸਰਕਲ ਦੇ ਸ਼ਰਾਬ ਦੇ ਠੇਕੇ ਹਨ। ਦੂਜੇ ਪਾਸੇ ਵੇਦ ਪ੍ਰਕਾਸ਼ ਉਰਫ ਆਰ.ਡੀ.ਐੱਕਸ ਅਤੇ ਸਨੀ ਪੁੱਤਰ ਛੋਟੂ ਰਾਮ ਭਾਟ ਵਾਸੀ ਚੌਟਾਲਾ ਨਾਜਾਇਜ਼ ਤੌਰ ’ਤੇ ਸ਼ਰਾਬ ਵੇਚਦੇ ਹਨ। ਜਦੋਂ ਤੋਂ ਜੈ ਪ੍ਰਕਾਸ਼, ਮੁਕੇਸ਼ ਅਤੇ ਪਰਮ ਗੋਦਾਰਾ ਨੇ ਸਤੀਸ਼ ਐਂਡ ਕੰਪਨੀ ਦੇ ਨਾਂ ਹੇਠ 2020-2021 ਲਈ ਸਰਕਾਰੀ ਬੋਲੀ ’ਤੇ ਸ਼ਰਾਬ ਦੀਆਂ ਦੁਕਾਨਾਂ ਲਈਆਂ, ਉਦੋਂ ਤੋਂ ਸੰਨੀ ਭਾਟ ਤੇ ਸਾਥੀ ਇਨ੍ਹਾਂ ਨਾਲ ਰੰਜਿਸ਼ ਰੱਖਣ ਲੱਗ ਪਏ। ਇਸੇ ਰੰਜਿਸ਼ ਕਾਰਨ ਉਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ।
ਚੌਟਾਲਾ ਚੌਕੀ ਦੇ ਮੁਖੀ ਸ਼ਲਿੰਦਰ ਕੁਮਾਰ ਨੇ ਦੱਸਿਆ ਕਿ ਵਿਜੈ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਦਿਨੇਸ਼ ਕੁਮਾਰ, ਵੇਦ ਪ੍ਰਕਾਸ਼, ਸੰਨੀ ਭਾਟ ਅਤੇ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।