ਪੱਤਰ ਪ੍ਰੇਰਕ
ਭਦੌੜ, 26 ਸਤੰਬਰ
ਕਸਬਾ ਭਦੌੜ ਵਿੱਚ ਛੇ ਹਜ਼ਾਰ ਰੁਪਏ ਪਿੱਛੇ ਦੋਸਤਾਂ ਨੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਕਾਲੂ ਪੁੱਤਰ ਸੁਰਿੰਦਰਪਾਲ ਵਾਸੀ ਝਾਹਿਆਂਵਾਲੀ ਕੋਠੇ ਭਦੌੜ ਵਜੋਂ ਹੋਈ ਹੈ, ਜੋ ਕਿ ਟੈਕਸੀ ਚਾਲਕ ਸੀ। ਪੁਲੀਸ ਨੇ ਮ੍ਰਿਤਕ ਦੀ ਮਾਤਾ ਜਸਵੀਰ ਕੌਰ ਦੇ ਬਿਆਨਾਂ ’ਤੇ ਪੁੱਛ-ਪੜਤਾਲ ਮਗਰੋਂ ਹਰਪ੍ਰੀਤ ਕਾਲੂ ਦੇ ਦੋਸਤਾਂ ਸੁਖਦੀਪ ਸਿੰਘ ਉਰਫ ਮਨੀ, ਗੁਰਵਿੰਦਰ ਸਿੰਘ ਉਰਫ ਗਗਨ, ਹਨੀ ਅਤੇ ਕਾਲਾ ਸਿੰਘ ਵਾਸੀ ਭਦੌੜ ਖ਼ਿਲਾਫ਼ ਕੇਸ ਦਰਜ ਕਰ ਕੇ ਸੁਖਦੀਪ ਸਿੰਘ ਮਨੀ, ਗੁਰਵਿੰਦਰ ਸਿੰਘ ਗਗਨ ਤੇ ਕਾਲਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਇਨ੍ਹਾਂ ’ਚੋਂ ਹਨੀ ਫਰਾਰ ਹੈ। ਹਰਪ੍ਰੀਤ ਦੀ ਮਾਤਾ ਨੇ ਸ਼ੱਕ ਪ੍ਰਗਟਾਇਆ ਕਿ ਹਰਪ੍ਰੀਤ ਦੇ ਦੋਸਤਾਂ ਨੇ ਉਸ ਨੂੰ ਮਾਰ ਕੇ ਨਹਿਰ ’ਚ ਸੁੱਟ ਦਿੱਤਾ ਹੈ।