ਪੱਤਰ ਪ੍ਰੇਰਕ
ਮਾਨਸਾ, 15 ਅਕਤੂਬਰ
ਜਾਇਦਾਦ ਵਿੱਚੋਂ ਹੋਰ ਹਿੱਸਾ ਮੰਗ ਰਹੇ ਇੱਕ ਵਿਅਕਤੀ ਨੇ ਅੱਜ ਕਿਰਪਾਨ ਨਾਲ ਆਪਣੇ ਸੁੱਤੇ ਪਏ ਪਿਤਾ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਸ਼ਹਿਰ ਦੇ ਲਿੰਕ ਰੋਡ ਸਥਿਤ ਇੱਕ ਦੁਕਾਨਦਾਰ ਅਮਰਜੀਤ ਸਿੰਘ ਦੀ ਜਾਇਦਾਦ ਵਿੱਚੋਂ ਹੋਰ ਹਿੱਸਾ ਲੈਣ ਲਈ ਆਪਣੇ ਪਿਤਾ ਹਰਨੇਕ ਸਿੰਘ (58) ਨਾਲ ਝਗੜਾ ਸੀ। ਪਿਤਾ ਦੇ ਨਾ ਮੰਨਣ ’ਤੇ ਅਮਰਜੀਤ ਨੇ ਅੱਜ ਆਪਣੇ ਸੁੱਤੇ ਪਏ ਪਿਤਾ ’ਤੇ ਕਿਰਪਾਨ ਨਾਲ ਕਈ ਵਾਰ ਕਰਕੇ ਉਸ ਨੂੰ ਲਹੂ ਲੁਹਾਣ ਕਰ ਦਿੱਤਾ, ਜਿਸ ਮਗਰੋਂ ਹਰਨੇਕ ਸਿੰਘ ਦੀ ਮੌਤ ਹੋ ਗਈ। ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਹਰਨੇਕ ਸਿੰਘ ਦੇ ਪੋਤੇ ਹਰਦੀਪ ਸਿੰਘ ਦੇ ਬਿਆਨ ਦੇ ਆਧਾਰ ’ਤੇ ਅਮਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਏਐੱਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।