ਦਵਿੰਦਰ ਸਿੰਘ ਭੰਗੂ
ਰਈਆ, 6 ਨਵੰਬਰ
ਕਸਬਾ ਬਾਬਾ ਬਕਾਲਾ ਵਿਚ ਬੀਤੀ ਰਾਤ ਮਾਂ ਧੀ ਦਾ ਕਤਲ ਹੋ ਗਿਆ। ਪੁਲੀਸ ਸੂਤਰਾਂ ਅਨੁਸਾਰ ਮ੍ਰਿਤਕਾਂ ਦੀ ਸ਼ਨਾਖਤ ਸਰਬਜੀਤ ਕੌਰ (30) ਪਤਨੀ ਰਾਜਿੰਦਰ ਸਿੰਘ ਵਾਸੀ ਨਿੱਕਾ ਰਈਆ ਅਤੇ ਉਸ ਦੀ ਧੀ ਰੋਜ਼ਲੀਨ ਕੌਰ (8) ਵਜੋਂ ਹੋਈ ਹੈ। ਮ੍ਰਿਤਕਾ ਦੇ ਭਰਾ ਪ੍ਰਭਜੀਤ ਸਿੰਘ ਵਾਸੀ ਸ਼ਾਹਪੁਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਛੋਟੀ ਭੈਣ ਸਰਬਜੀਤ ਕੌਰ ਦਾ ਵਿਆਹ ਸਾਲ 2010 ਵਿਚ ਰਾਜਿੰਦਰ ਸਿੰਘ ਵਾਸੀ ਨਿੱਕਾ ਰਈਆ ਨਾਲ ਹੋਇਆ ਸੀ। ਉਸ ਦੀ ਵੱਡੀ ਕੁੜੀ ਰੋਜ਼ਲੀਨ ਕੌਰ ਦੀ ਉਮਰ 8 ਸਾਲ ਅਤੇ ਪੁੱਤਰ ਅਭਿਜੋਤ ਸਿੰਘ ਦੀ ਉਮਰ 5 ਸਾਲ ਹੈ। ਪ੍ਰਭਜੀਤ ਨੇ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਉਸ ਦੀ ਭੈਣ ਅਤੇ ਜੀਜਾ ਆਪਣਾ ਘਰ ਬਣਾ ਕੇ ਬਾਬਾ ਬਕਾਲਾ ਰਹਿਣ ਲੱਗ ਪਏ ਸਨ। ਜੀਜਾ ਫ਼ੌਜ ਵਿਚ ਨੌਕਰੀ ਕਰਦਾ ਹੈ, ਜਿਸ ਦੇ ਪਿੰਡ ਚੀਮਾ ਬਾਠ ਦੀ ਇਕ ਔਰਤ ਨਾਲ ਨਾਜਾਇਜ਼ ਸਬੰਧ ਹਨ। ਇਸ ਕਾਰਨ ਘਰ ਵਿਚ ਅਕਸਰ ਹੀ ਲੜਾਈ-ਝਗੜਾ ਰਹਿੰਦਾ ਸੀ ਤੇ ਅੱਜ ਘਰ ਵਿੱਚ ਉਸ ਦੀ ਭੈਣ ਅਤੇ ਭਾਣਜੀ ਦੀਆਂ ਲਾਸ਼ਾਂ ਪਈਆਂ ਮਿਲੀਆਂ। ਉਸ ਨੇ ਦੋਸ਼ ਲਾਇਆ ਕਿ ਦੋਹਾਂ ਦਾ ਕਤਲ ਕਥਿਤ ਤੌਰ ’ਤੇ ਉਸ ਦੇ ਜੀਜੇ ਅਤੇ ਉਸ (ਜੀਜੇ) ਦੇ ਭਰਾ ਵੱਲੋਂ ਕੀਤਾ ਗਿਆ ਲੱਗਦਾ ਹੈ। ਬਿਆਸ ਪੁਲੀਸ ਨੇ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਭੇਜ ਦਿੱਤੀਆਂ ਹਨ।
ਕਰਿੰਦੇ ਦਾ ਕਤਲ ਕਰਕੇ ਲਾਸ਼ ਸਾੜੀ
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਰਹਿੰਦ ਦੇ ਪਿੰਡ ਗੁਰਧਨਪੁਰ ਵਿਚ ਲੰਘੀ ਰਾਤ ਸਰਾਬ ਦੇ ਠੇਕੇ ਦੇ ਕਰਿੰਦੇ ਸੁਰਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਪਿੰਡ ਲਾਡਪੁਰ ਬਣਜਾਰਾ ਥਾਣਾ ਦਿੜ੍ਹਬਾ ਦਾ ਭੇਤ-ਭਰੀ ਹਾਲਤ ਵਿੱਚ ਕਤਲ ਹੋ ਗਿਆ। ਹਮਲਾਵਰਾਂ ਨੇ ਉਸ ਨੂੰ ਕਤਲ ਕਰਨ ਮਗਰੋਂ ਲਾਸ਼ ਨੂੰ ਅੱਗ ਵੀ ਲਗਾ ਦਿੱਤੀ। ਥਾਣਾ ਸਰਹਿੰਦ ਦੇ ਮੁਖੀ ਇੰਸਪੈਕਟਰ ਜੀਐੱਸ ਸਿਕੰਦ ਨੇ ਇਸ ਮਾਮਲੇ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।