ਪੱਤਰ ਪ੍ਰੇਰਕ
ਬੋਹਾ, 25 ਸਤੰਬਰ
ਪਿੰਡ ਸ਼ੇਰਖਾਂ ਵਾਲਾ ਵਿੱਚ ਬੀਤੀ ਰਾਤ ਆਪਣੇ ਘਰ ਸੁੱਤੇ ਇੱਕ ਨੌਜਵਾਨ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਕਬੱਡੀ ਖਿਡਾਰੀ ਜਗਜੀਤ ਸਿੰਘ ਉਰਫ ਜੱਗੂ (24) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜਗਜੀਤ ਆਪਣੇ ਪਿਤਾ ਬਾਬੂ ਸਿੰਘ ਨਾਲ ਘਰ ਵਿੱਚ ਸੁੱਤਾ ਪਿਆ ਸੀ ਤੇ ਅਣਪਛਾਤਿਆਂ ਨੇ ਘਰ ਦੀ ਕੰਧ ਟੱਪ ਕੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਗਲਾ ਵੱਢ ਦਿੱਤਾ, ਜਿਸ ਕਾਰਨ ਮੌਕੇ ’ਤੇ ਹੀ ਜਗਜੀਤ ਦੀ ਮੌਤ ਹੋ ਗਈ। ਹਮਲਾਵਰ ਇੰਨੀ ਹੁਸ਼ਿਆਰੀ ਨਾਲ ਘਰ ’ਚ ਦਾਖ਼ਲ ਹੋਏ ਕਿ ਇਸ ਵਾਰਦਾਤ ਬਾਰੇ ਜਗਜੀਤ ਨੇੜੇ ਸੁੱਤੇ ਪਏ ਉਸ ਦੇ ਪਿਤਾ ਨੂੰ ਵੀ ਭਿਣਕ ਨਹੀਂ ਲੱਗੀ। ਬਾਬੂ ਸਿੰਘ ਅਨੁਸਾਰ ਜਦੋਂ ਸਵੇਰੇ ਚਾਰ ਵਜੇ ਉਠ ਕੇ ਉਸ ਨੇ ਵੇਖਿਆ ਤਾਂ ਮੰਜੇ ’ਤੇ ਲਹੂ ਲੁਹਾਣ ਹੋਈ ਜਗਜੀਤ ਦੀ ਲਾਸ਼ ਪਈ ਸੀ। ਸੂਚਨਾ ਮਿਲਣ ਮਗਰੋਂ ਡੀਐੱਸਪੀ ਥਾਣਾ ਬੋਹਾ ਦੇ ਮੁਖੀ ਹਰਭਜਨ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਮੌਕੇ ’ਤੇ ਹਮਲਾਵਰ ਦੀ ਤਲਾਸ਼ ਲਈ ਖੋਜੀ ਕੁੱਤੇ ਵੀ ਮੰਗਵਾਏ, ਪਰ ਹਾਲੇ ਕੋਈ ਮੁਲਜ਼ਮ ਕਾਬੂ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ ਬਾਬੂ ਸਿੰਘ ਦੀ ਪਤਨੀ ਰਾਜਸਥਾਨ ਵੱਲ ਨਰਮਾ ਚੁਗਣ ਲਈ ਗਈ ਹੋਈ ਹੈ, ਜਦਕਿ ਉਸ ਦਾ ਛੋਟਾ ਪੁੱਤਰ ਚਰਨਜੀਤ ਸਿੰਘ ਫੌਜ ਵਿੱਚ ਹੈ। ਥਾਣਾ ਬੋਹਾ ਦੇ ਮੁਖੀ ਹਰਭਜਨ ਸਿੰਘ ਦਾ ਕਹਿਣਾ ਹੈ ਮਾਮਲੇ ਦੀ ਜਾਂਚ ਜਾਰੀ ਹੈ ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।