ਰਾਜਿੰਦਰ ਸਿੰਘ
ਡੇਰਾ ਬਾਬਾ ਨਾਨਕ, 15 ਜੁਲਾਈ
ਇੱਥੇ ਬੀਤੀ ਰਾਤ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਪੁਰਾਣੇ ਸਾਥੀ ਕਰਮਜੀਤ ਸਿੰਘ ਉਰਫ਼ ਸਾਬੀ ਫੌਜੀ ਦੀ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜਿਸ ਵੇਲੇ ਇਹ ਹਮਲਾ ਹੋਇਆ, ਉਦੋਂ ਸਾਬੀ ਫੌਜੀ ਘਰ ਪਰਤ ਰਿਹਾ ਸੀ। ਡੇਰਾ ਬਾਬਾ ਨਾਨਕ ਪੁਲੀਸ ਮੁਤਾਬਕ ਸਾਬੀ ਨੂੰ ਦੋ ਗੋਲੀਆਂ ਲੱਗੀਆਂ, ਜਿਸ ਮਗਰੋਂ ਉਸ ਨੂੰ ਸਥਾਨਕ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸਾਬੀ ਫੌਜੀ ਨੇ ਅਜੇ ਡੇਢ ਸਾਲ ਪਹਿਲਾਂ ਹੀ ਫੌਜ ਦੀ ਨੌਕਰੀ ਛੱਡੀ ਸੀ ਤੇ ਇਸ ਵੇਲੇ ਉਹ ਡੇਰਾ ਬਾਬਾ ਨਾਨਕ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਉਸ ਦੇ ਸਬੰਧ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸਨ ਤੇ ਪੁਲੀਸ ਮੁਤਾਬਕ ਉਸ ਖ਼ਿਲਾਫ਼ 6 ਕੇਸ ਦਰਜ ਸਨ। ਵਾਰਦਾਤ ਤੋਂ ਬਾਅਦ ਅਮਰਜੋਤ ਬੱਲ ਨਾਂ ਦੀ ਫੇਸਬੁੱਕ ਆਈਡੀ ’ਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਤੇ ਕਤਲ ਦੀ ਵਜ੍ਹਾ ਜੇਲ੍ਹ ਵਿਚ ਸਾਬੀ ਫੌਜੀ ਨਾਲ ਹੋਈ ਲੜਾਈ ਦੱਸੀ ਗਈ ਹੈ। ਮ੍ਰਿਤਕ ਦੇ ਭਰਾ ਗਗਨਦੀਪ ਸਿੰਘ ਨੇ ਕਿਹਾ ਕਿ ਇਹ ਕਤਲ ਸਿਆਸੀ ਸ਼ਹਿ ’ਤੇ ਹੋਇਆ ਹੈ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਡੀਐੱਸਪੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰਕੇ ਬਟਾਲਾ ਦੇ ਮਨਦੀਪ ਸਿੰਘ ਤੇ ਜਗਜੀਤ ਸਿੰਘ ਨੂੰ ਸ਼ੱਕ ਦੇ ਆਧਾਰ ’ਤੇ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਇਸ ਕਤਲ ਦਾ ਕਾਰਨ ਪੈਸਿਆਂ ਦਾ ਲੈਣ-ਦੇਣ ਦੱਸਿਆ ਹੈ।