ਪੱਤਰ ਪ੍ਰੇਰਕ
ਭਿੱਖੀਵਿੰਡ, 9 ਅਪਰੈਲ
ਪਿੰਡ ਕਲਸੀਆਂ ’ਚ ਕੁਝ ਵਿਅਕਤੀਆਂ ਨੇ ਪੰਜਾਹ ਰੁਪਏ ਲਈ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਗੁਰਸਾਹਿਬ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਜਸਕਰਨ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਗੁਰਸਾਹਿਬ ਮਜ਼ਦੂਰੀ ਕਰਦਾ ਸੀ। ਉਸ ਨਾਲ ਕੰਮ ਕਰਦੇ ਗੁਰਸ਼ਰਨ ਸਿੰਘ ਤੇ ਕੁਲਦੀਪ ਸਿੰਘ ਬੀਤੀ ਸ਼ਾਮ ਉਨ੍ਹਾਂ ਘਰ ਆਏ। ਇਸ ਦੌਰਾਨ 50 ਰੁਪਏ ਦੇ ਲੈਣ-ਦੇਣ ਸਬੰਧੀ ਗੁਰਸਾਹਿਬ ਨਾਲ ਉਨ੍ਹਾਂ ਦੀ ਬਹਿਸ ਹੋ ਗਈ, ਜਿਸ ਮਗਰੋਂ ਉਹ ਉਥੋਂ ਚਲੇ ਗਏ। ਕੁਝ ਦੇਰ ਬਾਅਦ ਦੋਵੇਂ ਸਾਥੀਆਂ ਨਾਲ ਆਏ ਤੇ ਉਨ੍ਹਾਂ ਗੁਰਸਾਹਿਬ ਦੀ ਕੁੱਟਮਾਰ ਕੀਤੀ, ਜਿਸ ਦੌਰਾਨ ਗੁਰਸਾਹਿਬ ਦੇ ਸਿਰ ’ਚ ਰੋੜਾ ਵੱਜਣ ਕਾਰਨ ਉਸ ਦੀ ਮੌਤ ਹੋ ਗਈ। ਭਿੱਖੀਵਿੰਡ ਦੀ ਪੁਲੀਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕੁਲਦੀਪ ਸਿੰਘ, ਸ਼ਮਸ਼ੇਰ ਸਿੰਘ, ਸਰਵਣ ਸਿੰਘ, ਗੁਰਸ਼ਰਨ ਸਿੰਘ ਤੇ ਕਾਲਾ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।