ਖੇਤਰੀ ਪ੍ਰਤੀਨਿਧ
ਬਟਾਲਾ, 8 ਜਨਵਰੀ
ਪਿੰਡ ਦਾਬਾਂਵਾਲ ਵਿੱਚ ਅਖੰਡ ਪਾਠ ਦੌਰਾਨ ਦੋ ਪਾਠੀਆਂ ਵਿਚਾਲੇ ਰੌਲ (ਡਿਊਟੀ) ’ਤੇ ਬੈਠਣ ਸਬੰਧੀ ਹੋਈ ਤਕਰਾਰ ਵਿੱਚ ਇੱਕ ਪਾਠੀ ਨੇ ਦੂਜੇ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਕਸ਼ਮੀਰ ਸਿੰਘ (65) ਪੁੱਤਰ ਬਚਨ ਸਿੰਘ ਵਾਸੀ ਦਲੇਲਪੁਰ ਵਜੋਂ ਹੋਈ ਹੈ। ਹਰਭਜਨ ਸਿੰਘ ਵਾਸੀ ਰਣਸੀਕੇ ਤਲਾ ਨੇ ਦੱਸਿਆ ਕਿ ਅਵਤਾਰ ਸਿੰਘ ਵਾਸੀ ਦਾਬਾਂਵਾਲ ਦੇ ਘਰ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਹੈ। ਅੱਜ ਸਵੇਰੇ ਤਿੰਨ ਵਜੇ ਕਸ਼ਮੀਰ ਸਿੰਘ ਡਿਊਟੀ ਲਈ ਤਿਆਰ ਹੋਇਆ ਤਾਂ ਲਖਬੀਰ ਸਿੰਘ ਰੌਲ ’ਤੇ ਬੈਠਣ ਲਈ ਜ਼ਿੱਦ ਕਰਨ ਲੱਗਾ ਤੇ ਦੋਵਾਂ ਦੀ ਬਹਿਸ ਹੋ ਗਈ। ਲਖਬੀਰ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਕਸ਼ਮੀਰ ਸਿੰਘ ਦੇ ਸਿਰ ਤੇ ਮੂੰਹ ’ਤੇ ਹਮਲਾ ਕਰ ਦਿੱਤਾ ਅਤੇ ਕਸ਼ਮੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਮੁਲਜ਼ਮ ਲਖਬੀਰ ਸਿੰਘ ਵਾਸੀ ਦਾਬਾਂਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।