ਪੱਤਰ ਪ੍ਰੇਰਕ
ਮੰਡੀ ਲੱਖੇਵਾਲੀ, 25 ਅਕਤੂਬਰ
ਥਾਣੇ ਲੱਖੇਵਾਲੀ ਅਧੀਨ ਪੈਂਦੇ ਪਿੰਡ ਉੜਾਂਗ ਦੇ ਫੋਟੋਗ੍ਰਾਫਰ ਲਵਪ੍ਰੀਤ ਸਿੰਘ (23) ਪੁੱਤਰ ਸੁਖਵਿੰਦਰ ਸਿੰਘ ਦਾ ਬੀਤੀ ਰਾਤ ਕਤਲ ਹੋ ਗਿਆ। ਉਸ ਦੀ ਲਾਸ਼ ਅੱਜ ਮਹਾਂਬੱਧਰ ਕੋਲ ਸੜਕ ਕਿਨਾਰੇ ਝਾੜੀਆਂ ’ਚੋਂ ਮਿਲੀ। ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਦੱਸਿਆ ਕਿ ਉਹ ਬੀਤੇ ਦਿਨ ਕਿਸੇ ਪ੍ਰੋਗਰਾਮ ’ਤੇ ਗਿਆ ਸੀ। ਰਾਤ ਨੂੰ ਜਦੋਂ ਉਹ ਵਾਪਸ ਨਾ ਆਇਆ ਤਾਂ ਉਨ੍ਹਾਂ ਨੇ ਉਸ ਨੂੰ ਫੋਨ ਕਰਨਾ ਚਾਹਿਆ ਪਰ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਭਾਲ ਕਰਨ ’ਤੇ ਪਿੰਡ ਮਹਾਂਬੱਧਰ ਨੇੜੇ ਸੜਕ ਕਿਨਾਰੇ ਝਾੜੀਆਂ ’ਚੋਂ ਉਸ ਦੀ ਲਾਸ਼ ਮਿਲੀ ਹੈ। ਉਸ ਦੇ ਮੱਥੇ ’ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਉਸ ਦਾ ਮੋਟਰਸਾਈਕਲ ਅਤੇ ਮੋਬਾਈਲ ਵੀ ਘਟਨਾ ਸਥਾਨ ’ਤੇ ਨਹੀਂ ਮਿਲੇ। ਉਨ੍ਹਾਂ ਲਵਪ੍ਰੀਤ ਦੇ ਕਤਲ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ।