ਹਰਜੀਤ ਸਿੰਘ
ਜ਼ੀਰਕਪੁਰ, 8 ਅਗਸਤ
ਬਲਟਾਣਾ ਪੁਲੀਸ ਚੌਕੀ ਦੇ ਸਾਹਮਣੇ ਝੁੱਗੀ ਝੌਪੜੀ ਵਸਨੀਕ ਦੋ ਦੋਸਤਾਂ ਦੀ ਸ਼ਰਾਬ ਪੀਂਦੇ ਤਕਰਾਰ ਹੋ ਗਈ। ਤਕਰਾਰ ਐਨੀ ਵਧ ਗਈ ਕਿ ਇਕ 22 ਸਾਲਾਂ ਦੇ ਨੌਜਵਾਨ ਨੇ 20 ਸਾਲਾਂ ਦੇ ਦੋਸਤ ਦੀ ਗਰਦਨ ਵਿੱਚ ਲਿਖਣ ਵਾਲਾ ਤਿੱਖਾ ਪੈੱਨ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ 20 ਸਾਲਾਂ ਦੇ ਅਮਿੱਤ ਕੁਮਾਰ ਵਾਸੀ ਝੁੱਗੀ ਝੌਪੜੀ ਨੇੜੇ ਰਾਧਾ ਸਵਾਮੀ ਸਤਿਸੰਗ ਭਵਨ ਅਤੇ ਮੂਲ ਰੂਪ ਵਾਸੀ ਪਿੰਡ ਬਿਜ਼ਨਪੁਰ ਥਾਣਾ ਆਦਮਪੁਰ ਜ਼ਿਲ੍ਹਾ ਅਮਰੋਹਾ, ਉੱਤਰ ਪ੍ਰਦੇਸ਼ ਦੇ ਰੂਪ ਵਿੱਚ ਹੋਈ ਹੈ। ਜਦੋਂਕਿ ਮੁਲਜ਼ਮ ਦੀ ਪਛਾਣ 22 ਸਾਲਾਂ ਦੇ ਲਾਖਨ ਵਜੋਂ ਹੋਈ ਹੈ। ਮ੍ਰਿਤਕ ਤੇ ਕਾਤਲ ਦੋਵੇਂ ਮਜ਼ਦੂਰੀ ਕਰਦੇ ਸੀ। ਲੰਘੀ ਰਾਤ ਦੋਵੇਂ ਜਣੇ ਪੁਲੀਸ ਚੌਕੀ ਦੇ ਸਾਹਮਣੇ ਇਕ ਖਾਲੀ ਪਏ ਖੰਡਰ ਹੋਏ ਸ਼ੋਅਰੂਮ ਦੀ ਛੱਤ ’ਤੇ ਸ਼ਰਾਬ ਪੀ ਰਹੇ ਸੀ। ਉਨ੍ਹਾਂ ਦੀ ਸ਼ਰਾਬ ਪੀਂਦੇ ਹੋਏ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਜੋ ਹਥੋਪਾਈ ਤੱਕ ਪਹੁੰਚ ਗਈ। ਝਗੜੇ ਦੌਰਾਨ ਲਾਖਨ ਨੇ ਅਮਿਤ ਦੀ ਗਰਦਨ ਵਿੱਚ ਪੈਨ ਮਾਰ ਦਿੱਤਾ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਕੇ ਹੇਠਾਂ ਡਿੱਗ ਗਿਆ। ਹੇਠਾਂ ਡਿੱਗਣ ਮਗਰੋਂ ਲਾਖਨ ਨੇ ਉਸਦੀ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਕਤਲ ਕਰਨ ਮਗਰੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਅਮਿਤ ਕੁਮਾਰ ਦੇ ਪਰਿਵਾਰਕ ਮੈਂਬਰ ਅੱਜ ਤੜਕੇ ਉਸਦੀ ਭਾਲ ਕਰਦੇ ਹੋਏ ਜਦੋਂ ਛੱਤ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਉਥੇ ਲਾਸ਼ ਵੇਖ ਕੇ ਪੁਲੀਸ ਨੂੰ ਤੁਰੰਤ ਸੂਚਨਾ ਦਿੱਤੀ। ਬਲਟਾਣਾ ਚੌਕੀ ਇੰਚਾਰਜ ਸਹਾਇਕ ਇੰਸਪੈਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਰਾਹੁਲ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਲਾਖਨ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਪੁੱਛਗਿਛ ਦੌਰਾਨ ਪੁਲੀਸ ਨੂੰ ਦੱਸਿਆ ਕਿ ਸ਼ਰਾਬ ਪੀਂਦੇ ਹੋਏ ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਉਸਨੇ ਹੱਥੋਪਾਈ ਦੌਰਾਨ ਉਸਦੀ ਗਰਦਨ ’ਤੇ ਪੈਨ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਸਦੀ ਮੌਤ ਹੋ ਗਈ। ਰਾਤ ਨੂੰ ਕਰੀਬ ਇਕ ਵਜੇ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਨੂੰ ਗਾਜ਼ੀਪੁਰ ਰੋਡ ਤੋਂ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਫ਼ਰਾਰ ਹੋਣ ਦੀ ਫਿਰਾਕ ਵਿੱਚ ਸੀ। ਮੁਲਜ਼ਮ ਸ਼ਾਦੀਸ਼ੁਦਾ ਹੈ ਤੇ ਉਸਦਾ ਇਕ ਬੱਚਾ ਹੈ।
12 ਸਾਲਾ ਲੜਕੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
ਡੇਰਾਬਸੀ (ਨਿਜੀ ਪੱਤਰ ਪ੍ਰੇਰਕ) ਇਥੋਂ ਦੀ ਬਰਵਾਲਾ ਰੋਡ ’ਤੇ ਸਥਿਤ ਭਗਤ ਸਿੰਘ ਨਗਰ ਗਲੀ ਨੰਬਰ 1 ਵਸਨੀਕ ਇਕ 12 ਸਾਲਾ ਲੜਕੀ ਨੇ ਅੱਜ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਬਿੱਟੂ ਪੁੱਤਰੀ ਅਖਿਲੇਸ਼ ਕੁਮਾਰ ਵਾਸੀ ਗਲੀ ਨੰ 1 ਭਗਤ ਸਿੰਘ ਵਜੋਂ ਹੋਈ ਹੈ। ਏ.ਐਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਛੇਵੀਂ ਕਲਾਸ ਵਿੱਚ ਪੜ੍ਹਦੀ ਸੀ। ਮ੍ਰਿਤਕਾ ਦੀ ਮਾਤਾ ਤੇ ਮਾਮਾ ਬਰਵਾਲਾ ਰੋਡ ’ਤੇ ਇਕ ਨਿੱਜੀ ਫੈਕਟਰੀ ਵਿੱਚ ਨੌਕਰੀ ਕਰਦੀ ਸੀ। ਮ੍ਰਿਤਕਾ ਦੇ ਮਾਮਾ ਨੇ ਆਪਣੀ ਭੈਣ ਤੋਂ ਪੁਰਾਣੇ ਮੋਬਾਈਲ ਦੀ ਮੰਗ ਕੀਤੀ ਜੋ ਉਸਦੀ ਮਾਤਾ ਨੇ ਖਰੀਦ ਕੇ ਆਪਣੇ ਭਰਾ ਨੂੰ ਦਿੱਤਾ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਮੁਤਾਬਕ ਫੈਕਟਰੀ ’ਚ ਕੰਮ ਕਰਦੀ ਲੜਕੀ ਨੇ ਸਿੰਮ ਸਣੇ ਆਪਣਾ ਮੋਬਾਈਲ ਤਿੰਨ ਹਜ਼ਾਰ ਦਾ ਵੇਚਿਆ ਸੀ ਜੋ ਉਸਨੇ ਆਪਣੇ ਭਰਾ ਨੂੰ ਦਿੱਤਾ ਪਰ ਅੱਜ ਫੈਕਟਰੀ ਤੋਂ ਕੁਝ ਲੋਕ ਘਰ ਆਏ ਜਿਨ੍ਹਾਂ ਨੇ ਕਿਹਾ ਕਿ ਇਹ ਮੋਬਾਈਲ ਚੋਰੀ ਦਾ ਹੈ ਜਿਨ੍ਹਾਂ ਪਰਿਵਾਰ ਤੇ ਘਰ ’ਚ ਬਿੱਟੂ ਨਾਲ ਦੁਰਵਿਹਾਰ ਕੀਤਾ। ਇਸ ਮਗਰੋਂ ਬਿੱਟੂ ਨੇ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।