ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਫਰਵਰੀ
ਸ਼ੇਰਪੁਰ ਕਲਾਂ ’ਚ ਮਾਂ-ਧੀ ਹੱਤਿਆ ਮਾਮਲੇ ’ਚ ਅੱਜ ਪੋਸਟਮਾਰਟਮ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਹੋਏ ਹਨ। ਪੋਸਟਮਾਰਟਮ ਦੌਰਾਨ ਪਤਾ ਲੱਗਿਆ ਕਿ ਪਿਆਰਾ ਸਿੰਘ ਨੇ ਆਪਣੀ ਪਤਨੀ ਸਵਰਨਜੀਤ ਕੌਰ ਤੇ ਲੜਕੀ ਰਾਜਦੀਪ ਕੌਰ ਦੀ ਹੱਤਿਆ ਕਰਨ ਤੋਂ ਪਹਿਲਾਂ ਦੋਹਾਂ ਦੇ ਗਰਮ ਚਿਮਟੇ ਲਾਏ ਸਨ। ਉਸ ਤੋਂ ਬਾਅਦ ਹਥੌੜੇ ਨਾਲ ਕਈ ਵਾਰ ਕਰਕੇ ਦੋਹਾਂ ਦੀ ਹੱਤਿਆ ਕਰ ਦਿੱਤੀ ਤੇ ਘਰ ਨੂੰ ਤਾਲਾ ਲਾਉਣ ਤੋਂ ਬਾਅਦ ਖੁਦ ਦੋਰਾਹਾ ਨਹਿਰ ’ਤੇ ਖੁਦਕੁਸ਼ੀ ਕਰਨ ਚਲਾ ਗਿਆ। ਉਧਰ, ਗੋਤਾਖੋਰਾਂ ਦੀ ਟੀਮ ਨਹਿਰ ’ਚ ਪਿਆਰਾ ਸਿੰਘ ਦੀ ਭਾਲ ਕਰਦੀ ਰਹੀ ਪਰ ਸਫਲਤਾ ਨਹੀਂ ਮਿਲੀ।
ਪਿਆਰਾ ਸਿੰਘ ਨੇ ਪਤਨੀ ਦੀ ਹੱਤਿਆ ਕਰਨ ਤੋਂ ਪਹਿਲਾਂ ਉਸ ਦੇ ਢਿੱਡ ’ਤੇ ਗਰਮ ਚਿਮਟਾ ਲਾਇਆ ਤੇ ਧੀ ਰਾਜਦੀਪ ਕੌਰ ਦੇ ਪੈਰਾਂ ’ਤੇ ਵੀ ਗਰਮ ਚਿਮਟੇ ਲਾਏ ਸਨ। ਉਸ ਨੇ ਪਤਨੀ ਦੇ ਸਿਰ ’ਤੇ ਹਥੌੜੇ ਨਾਲ 8 ਵਾਰ ਕੀਤੇ, ਜਦੋਂ ਕਿ ਲੜਕੀ ਦੇ ਸਿਰ ’ਤੇ ਤਿੰਨ ਵਾਰ ਕੀਤੇ ਗਏ।
ਪਤਾ ਲੱਗਾ ਹੈ ਕਿ ਜਿਸ ਘਰ ’ਚੋਂ 9 ਦਿਨ ਬਾਅਦ ਰਾਜਦੀਪ ਕੌਰ ਦੀ ਡੋਲੀ ਵਿਦਾ ਹੋਣੀ ਸੀ, ਉਥੋਂ ਅੱਜ ਉਸਦੀ ਅਰਥੀ ਨਿਕਲੀ। ਰਾਜਦੀਪ ਕੌਰ ਆਪਣੇ ਮਾਪਿਆਂ ਦੀ ਇਕਲੌਤੀ ਲੜਕੀ ਸੀ। ਪਿਆਰਾ ਸਿੰਘ ਦੇ ਭਤੀਜੇ ਗੁਰਪ੍ਰੀਤ ਨੇ ਦੱਸਿਆ ਕਿ ਉਸਦਾ ਚਾਚਾ ਪਰਿਵਾਰ ਦਾ ਗੁਜ਼ਾਰਾ ਚੰਗੇ ਤਰੀਕੇ ਨਾਲ ਚਲਾ ਰਿਹਾ ਸੀ। ਉਸ ਨੇ ਲੜਕੀ ਦਾ ਵਧੀਆ ਵਿਆਹ ਕਰਨ ਬਾਰੇ ਵੀ ਕਿਹਾ ਸੀ। ਦੂਜੇ ਪਾਸੇ ਰਾਜਦੀਪ ਪੜ੍ਹਨ ਵਿਚ ਕਾਫੀ ਹੁਸ਼ਿਆਰ ਸੀ। ਇਸ ਗੱਲ ਦੀ ਚਰਚਾ ਹੈ ਕਿ ਪਿਆਰਾ ਸਿੰਘ ਨੇ ਲੜਕੀ ਦੀ ਹੱਤਿਆ ਕਿਉਂ ਕੀਤੀ।