ਗੁਰਜੰਟ ਕਲਸੀ
ਸਮਾਲਸਰ, 19 ਜੂਨ
ਪਿੰਡ ਲੰਡੇ ਵਿਚ ਦਲਿਤ ਬੱਚੇ ਦੇ ਕਤਲ ਦਾ ਮਾਮਲਾ ਹੋ ਡੂੰਘਾ ਹੋ ਗਿਆ। ਅੱਜ ਸ਼ਮਸ਼ਾਨ ਘਾਟ ਵਿਚ ਐਨ ਸਸਕਾਰ ਮੌਕੇ ਇਕ ਧਿਰ ਨੇ ਬੱਚੇ ਦੀ ਲਾਸ਼ ਨੂੰ ਚਿਣੀ ਚਿਖਾ ਵਿਚੋਂ ਕਢਵਾ ਕੇ ਦੁਬਾਰਾ ਫਰੀਜ਼ ਕਰਨ ਲਈ ਭਿਜਵਾ ਦਿੱਤਾ। ਇਹ ਧਿਰ ਚਾਹੁੰਦੀ ਹੈ ਕਿ ਜਦ ਤੱਕ ਕਤਲ ਮਾਮਲੇ ਵਿਚ ਮਤਰੇਈ ਮਾਂ ਸਮੇਤ ਬੱਚੇ ਦੇ ਪਿਤਾ ਨੂੰ ਵੀ ਸ਼ਾਮਲ ਨਹੀਂ ਕੀਤਾ ਜਾਂਦਾ, ਉਹ ਸਸਕਾਰ ਨਹੀਂ ਹੋਣ ਦੇਣਗੇ। ਦੋ ਦਿਨ ਪਹਿਲਾਂ ਲੰਡੇ ਵਿਚ ਕਤਲ ਕੀਤੇ ਤਿੰਨ ਸਾਲਾ ਬੱਚੇ ਦੇ ਦਾਦੇ ਰੇਸ਼ਮ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸਮਾਲਸਰ ਪੁਲੀਸ ਨੇ ਉਸ ਦੇ ਪੋਤਰੇ ਅਭਿਜੋਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਨੂੰ ਸੌਂਪ ਦਿੱਤੀ ਸੀ। ਡੀਐੱਸਪੀ ਬਾਘਾ ਪੁਰਾਣਾ ਨੇ ਭੋਰਸਾ ਦਿੱਤਾ ਸੀ ਕਿ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਵੇਗੀ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਉਹ ਬੱਚੇ ਦੀ ਲਾਸ਼ ਨੂੰ ਨਾ ਰੋਲਣ ਅਤੇ ਲਾਸ਼ ਦਾ ਸਸਕਾਰ ਕਰ ਦੇਣ। ਅਫਸਰ ’ਤੇ ਭਰੋਸਾ ਕਰਦਿਆਂ ਅੱਜ ਦੁਪਹਿਰ ਮੌਕੇ ਬੱਚੇ ਦੀ ਲਾਸ਼ ਦਾ ਸਸਕਾਰ ਕਰਨ ਲਈ ਸ਼ਮਸਾਨ ਘਾਟ ਵਿਚ ਲੈ ਗਏ। ਇਸ ਮੌਕੇ ਚਿਖਾ ਚਿਣ ਕੇ ਲਾਸ਼ ਨੂੰ ਵਿਚ ਟਿਕਾ ਦਿੱਤਾ ਗਿਆ ਅਤੇ ਸਾਰੀਆਂ ਰਸਮਾਂ ਪੂਰੀਆ ਕਰ ਦਿੱਤੀਆਂ ਸਨ। ਇਸ ਮੌਕੇ ਔਰਤਾਂ ਵਿਚੋਂ ਆਵਾਜ਼ ਆਈ ਕਿ ਸਸਕਾਰ ਪੰਜ ਮਿੰਟ ਰੋਕਿਆ ਜਾਵੇ ਕਿ ਮਾਹਲਾ ਖੁਰਦ ਤੋਂ ਰਿਸ਼ਤੇਦਾਰ ਆਉਣਾ ਹੈ। ਇਸ ਦੌਰਾਨ ਸ਼ਰੀਕੇ ਅਤੇ ਰਿਸ਼ਤੇਦਾਰੀ ਵਿਚੋਂ ਸੁਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਜਦ ਤੱਕ ਕਤਲ ਵਿਚ ਬੱਚੇ ਦੇ ਪਿਤਾ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਤਦ ਤੱਕ ਉਹ ਸਸਕਾਰ ਨਹੀਂ ਹੋਣ ਦੇਣਗੇ ਅਤੇ ਉਹ ਬਲਦੀ ਚਿਖਾ ਉਤੇ ਪਾਣੀ ਪਾ ਕੇ ਬੁਝਾ ਦੇਣਗੇ। ਇਸ ਮੌਕੇ ਆਪ ਆਗੂ ਦੀਪਕ ਅਰੋੜਾ ਨੇ ਚਿਖਾ ਵਾਲੇ ਥੜ੍ਹੇ ਉਤੇ ਚੜ੍ਹ ਕੇ ਕਿਹਾ ਕਿ ਜੇ ਸਸਕਾਰ ਕਰ ਦਿੱਤਾ ਗਿਆ ਤਾਂ ਪੁਲੀਸ ਕੇਸ ਦਰਜ ਨਹੀਂ ਕਰੇਗੀ। ਪੁਲੀਸ ਦੀ ਟੁੱਕੜੀ ਮੌਕੇ ’ਤੇ ਪਹੁੰਚ ਗਈ। ਇਸ ਮੌਕੇ ਹੀ ਸਸਕਾਰ ਨਾ ਕਰਨ ਵਾਲੀ ਧਿਰ ਨੇ ਬੱਚੇ ਦੀ ਲਾਸ਼ ਤੋਂ ਲੱਕੜਾਂ ਹਟਾ ਕੇ ਉਸ ਨੂੰ ਵਿਚੋਂ ਕੱਢ ਲਿਆ ਅਤੇ ਦੁਬਾਰਾ ਫਰੀਜ਼ ਕਰਨ ਲਈ ਭਿਜਵਾ ਦਿੱਤਾ। ਕੁਝ ਮਿੰਟਾਂ ਪਿਛੋਂ ਥਾਣਾ ਮੁਖੀ ਸਮਾਲਸਰ ਇਕਬਾਲ ਸਿੰਘ ਭਾਰੀ ਫੋਰਸ ਸਮੇਤ ਘਟਨਾ ਸਥਾਨ ’ਤੇ ਪਹੁੰਚ ਗਿਆ ਪਰ ਬੱਚੇ ਦੀ ਲਾਸ਼ ਲਿਜਾਈ ਜਾ ਚੁੱਕੀ ਸੀ।