ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਅਗਸਤ
ਵਤਨ ਦੀ ਆਬਰੂ ਤੇ ਆਜ਼ਾਦੀ ਲਈ ਜਾਨ ਵਾਰਨ ਵਾਲੇ ਸੂਰਮੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਅਤੇ ਸਾਹਿਤਕ ਅੰਬਰ ਵਿੱਚ ਚਮਕਦੇ ਸਿਤਾਰੇ ਮੁਨਸ਼ੀ ਪ੍ਰੇਮ ਚੰਦ ਦਾ 140ਵਾਂ ਜਨਮ ਦਿਨ ਪਿੰਡ ਝਾਂਡੇ ਵਿੱਚ ਪੈਨਸ਼ਨਰਜ਼ ਪਿੰਡ ਭਲਾਈ ਸੰਸਥਾ ਵੱਲੋਂ ਸਥਾਪਤ ਲਾਇਬ੍ਰੇਰੀ ’ਚ ਪੰਜਾਬ ਲੋਕ ਸੱਭਿਆਚਾਰਕ ਮੰਚ, ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਅਤੇ ਅਦਬੀ ਦਾਇਰਾ ਮੁੱਲਾਂਪੁਰ ਵੱਲੋਂ ਸਾਂਝੇ ਤੌਰ ’ਤੇ ਮਨਾਇਆ ਗਿਆ। ਡਾਕਟਰ ਗੁਲਜ਼ਾਰ ਸਿੰਘ ਪੰਧੇਰ, ਰਾਜਿੰਦਰ ਮੱਲਾ, ਕਸਤੂਰੀ ਲਾਲ ਅਤੇ ਸੁਰਿੰਦਰ ਕੈਲੇ ਦੀ ਪ੍ਰਧਾਨਗੀ ਹੇਠ ਸਮਾਗਮ ’ਚ ਹਾਜ਼ਰ ਵੱਖ ਵੱਖ ਸਾਹਿਤਕ ਸੱਭਿਆਚਾਰਕ ਤੇ ਸਮਾਜਿਕ ਜਥੇਬੰਦੀਆਂ ਦੇ ਕਾਰਕੁਨਾਂ ਦੀ ਤਰਫੋਂ ਤਰਲੋਚਨ ਝਾਂਡੇ ਪ੍ਰਧਾਨ ਪੈਨਸ਼ਨਰਜ਼ ਪਿੰਡ ਭਲਾਈ ਸੰਸਥਾ ਝਾਂਡੇ ਨੇ ਸ਼ਹੀਦ ਦੀ ਤਸਵੀਰ ਨੂੰ ਹਾਰ ਪਾ ਕੇ ਸ਼ਰਧਾਂਜਲੀ ਅਰਪਿਤ ਕੀਤੀ।
ਪਲਸ ਮੰਚ ਦੇ ਆਗੂ ਕਸਤੂਰੀ ਲਾਲ ਨੇ ਨੌਜਵਾਨ ਵਿਦਿਆਰਥੀ ਲਹਿਰ ਦੇ ਸਿਰਮੌਰ ਆਗੂ ਅਤੇ ਇਨਕਲਾਬੀ ਜਮਹੂਰੀ ਲਹਿਰ ਦੇ ਸਿਰਕੱਢ ਘੁਲਾਟੀਏ ਸ਼ਹੀਦ ਪ੍ਰਿਥੀਪਾਲ ਰੰਧਾਵਾ ਦੀ ਸ਼ਹਾਦਤ ਨਾਲ ਜੁੜੇ ਭਾਵੁਕ ਪਲਾਂ ਨੂੰ ਚੇਤੇ ਕੀਤਾ ਅਤੇ ਹੇਮ ਜੋਤੀ ਦੇ ਸੰਪਾਦਕ ਸੁਰਿੰਦਰ ਹੇਮ ਜੋਤੀ ਦੀ ਘਾਲਣਾ ਨੂੰ ਯਾਦ ਕਰਦਿਆਂ ਸ਼ਹੀਦ ਊਧਮ ਸਿੰਘ ਅਤੇ ਮੁਨਸ਼ੀ ਪ੍ਰੇਮ ਚੰਦ ਦੀ ਯਾਦ ’ਚ ਰੱਖੇ ਸਮਾਗਮ ਦਾ ਆਰੰਭ ਕੀਤਾ। ਸਖ਼ਸ਼ੀਅਤਾਂ ਨੇ ਮੰਗ ਕੀਤੀ ਕਿ ਕਲਮ ਕਲਾ ਦੀ ਆਜ਼ਾਦੀ ਬਹਾਲ ਕੀਤੀ ਜਾਵੇ ਤੇ ਵਿਦਵਾਨਾਂ ਚਿੰਤਕਾਂ ਨੂੰ ਜੇਲ੍ਹਾਂ ’ਚੋਂ ਰਿਹਾਅ ਕੀਤਾ ਜਾਵੇ ਅਤੇ ਮੁਲਕ ਦੇ ਮਾਲ-ਖ਼ਜ਼ਾਨੇ ਕਾਰਪੋਰੇਟ ਘਰਾਣਿਆਂ ਤੇ ਹੋਰ ਵੱਡੇ ਘਰਾਣਿਆਂ ਨੂੰ ਲੁਟਾਉਣੇ ਬੰਦ ਕੀਤੇ ਜਾਣ।