ਬਲਵਿੰਦਰ ਰੈਤ
ਨੂਰਪੁਰ ਬੇਦੀ, 5 ਨਵੰਬਰ
ਇਥੇ ਅੱਜ ਭਾਜਪਾ ਦੀ ਟਿਕਟ ਤੋਂ ਕੌਂਸਲਰ ਬਲਾਕ ਸਮਿਤੀ ਦੀ ਚੋਣ ਲੜ ਚੁੱਕੇ ਵਕੀਲ ਮੁਨੀਸ਼ ਪੁਰੀ ਅੱਜ ਭਾਜਪਾ ਪਾਰਟੀ ਛੱਡ ਕੇ ਸਾਬਕਾ ਸਿੱਖਿਆਂ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਸ੍ਰੀ ਪੁਰੀ ਨੇ ਕਿਹਾ ਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਦੀ ਬਿਹਤਰੀ ਲਈ ਕੰਮ ਕੀਤਾ ਉਸੇ ਤਰ੍ਹਾਂ ਸਾਡੇ ਪਛੜੇ ਇਲਾਕੇ ਵਿੱਚ ਜੇ ਵਿਕਾਸ ਹੋਇਆ ਤਾਂ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਹੋਇਆ ਹੈ। ਪਾਰਟੀ ਦੇ ਇਨ੍ਹਾਂ ਕੰਮਾਂ ਤੋ ਪ੍ਰਭਾਵਿਤ ਹੋ ਕੇ ਊਹ ਅੱਜ ਆਪਣੇ ਸਾਥੀਆਂ ਸਮੇਤ ਭਾਜਪਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਹੈ। ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾ. ਚੀਮਾ ਨੇ ਕਿਹਾ ਕਿ ਸ੍ਰੀ ਪੁਰੀ ਨੂੰ ਪਾਰਟੀ ਵਿੱਚ ਬਣਦਾ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਦਿਲਬਾਗ ਸਿੰਘ ਮਾਣਕੂਮਾਜਰਾ, ਸੀਨੀਅਰ ਅਕਾਲੀ ਨੇਤਾ ਕੁਲਵੀਰ ਸਿੰਘ ਅਸਮਾਨਪੁਰ, ਬਲਾਕ ਨੂਰਪੁਰ ਬੇਦੀ ਦੇ ਪ੍ਰਧਾਨ ਕੁਲਜਿੰਦਰ ਸਿੰਘ ਲਾਲਪੁਰ ਹਾਜ਼ਰ ਸਨ।