ਪੱਤਰ ਪ੍ਰਰੇਕ
ਪਠਾਨਕੋਟ, 13 ਸਤੰਬਰ
ਨਗਰ ਕੌਂਸਲ ਸੁਜਾਨਪੁਰ ਦੀ ਮੀਟਿੰਗ ਪ੍ਰਧਾਨ ਅਨੁਰਾਧਾ ਬਾਲੀ ਦੀ ਅਗਵਾਈ ਵਿੱਚ ਹੋਈ। ਇਸ ਵਿੱਚ 1 ਕਰੋੜ 50 ਲੱਖ ਰੁਪਏ ਦੇ ਵਿਕਾਸ ਕੰਮ ਦੇ ਮਤੇ ਪਾਸ ਕੀਤੇ ਗਏ। ਇਸ ਵਿੱਚ ਉਪ-ਪ੍ਰਧਾਨ ਸੁਰਿੰਦਰ ਮਨਹਾਸ, ਕਾਰਜਕਾਰੀ ਅਧਿਕਾਰੀ ਜਤਿੰਦਰ ਮਹਾਜਨ, ਕੌਂਸਲਰ ਮਹਿੰਦਰ ਬਾਲੀ, ਦੁਆਰਕਾ ਦਾਸ, ਅਸ਼ੋਕ ਬਾਵਾ, ਰਮੇਸ਼ ਚੰਦਰ, ਲਕਸ਼ਮੀ ਵਰਮਾ, ਰਿਤੂ ਬਾਲਾ ਅਤੇ ਸਰੋਜ ਬਾਲਾ ਸ਼ਾਮਲ ਹੋਏ। ਪ੍ਰਧਾਨ ਅਨੁਰਾਧਾ ਬਾਲੀ ਨੇ ਦੱਸਿਆ ਕਿ ਵਾਰਡ ਨੰਬਰ-1 ਸ਼ਮਸ਼ਾਨਘਾਟ ਲਈ 10 ਲੱਖ, ਵਾਰਡ ਨੰਬਰ-2 ਸ਼ਮਸ਼ਾਨਘਾਟ ਲਈ 20 ਲੱਖ ਰੁਪਏ, ਸ਼ਨੀ ਦੇਵ ਮੰਦਰ ਰੋਡ ਡਰੇਨ ਲਈ 10 ਲੱਖ, ਵਾਰਡ ਨੰਬਰ-6 ਰੀਡਿੰਗ ਰੂਮ ਲਈ 5 ਲੱਖ, ਵਾਰਡ ਨੰਬਰ 10 ਵਿੱਚ ਆਰਮੀ ਦੀ ਚਾਰ ਦੀਵਾਰੀ ਲਈ 18 ਲੱਖ, ਵਾਰਡ ਨੰਬਰ 11 ਗਲੀਆਂ ਲਈ 8.5 ਲੱਖ ਰੁਪਏ, ਕਲਿਆਰੀ ਦੇ ਹੈਲਥ ਕਲੱਬ ਲਈ 10 ਲੱਖ, ਪ੍ਰਜਾਪਤ ਮੰਦਰ ਦੇ ਪਿੱਛੇ ਡਰੇਨ ਲਈ 15 ਲੱਖ ਰੁਪਏ ਰੱਖੇ ਗਏ ਹਨ। ਇਸੇ ਤਰ੍ਹਾਂ ਇਲੈਕਟਰੀਕਲ ਸਾਮਾਨ ਲਈ 7 ਲੱਖ, ਕੈਲਾਸ਼ਪੁਰ ਸਟੇਡੀਅਮ ਲਈ 19.98 ਲੱਖ, ਟੈਂਪੂ ਸਟੈਂਡ ਮੋਟਰ ਫਿਟਿੰਗ ਲਈ 2 ਲੱਖ ਅਤੇ ਜੰਜਘਰ ਲਈ 5 ਲੱਖ ਰੁਪਏ ਪਾਸ ਕੀਤੇ ਗਏ ਹਨ। ਇਸ ਤੋਂ ਇਲਾਵਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸਬ-ਕਮੇਟੀ ਦਾ ਗਠਨ ਕੀਤਾ ਗਿਆ ਹੈ।