ਚਰਨਜੀਤ ਭੁੱਲਰ
ਚੰਡੀਗੜ੍ਹ, 4 ਮਾਰਚ
ਬਜਟ ਇਜਲਾਸ ਵਿੱਚ ਅੱਜ ਪ੍ਰਸ਼ਨ ਕਾਲ ਦੌਰਾਨ ਮੁੰਬਈ ਦੀ ਸਾਹਪੁਰਜੀ ਕੰਪਨੀ ਦਾ ਮੁੱਦਾ ਛਾਇਆ ਰਿਹਾ। ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਸੁਆਲ ਦੇ ਜੁਆਬ ’ਚ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਅਰਨੀਵਾਲਾ ਨਗਰ ਪੰਚਾਇਤ ’ਚ ਪੀਣ ਵਾਲੇ ਪਾਣੀ ਅਤੇ ਸੀਵਰੇਜ ਦਾ ਕੰਮ ‘ਮੈਸਰਜ ਸਾਹਪੁਰਜੀ ਪਲੂਨਜ਼ੀ ਕੰਪਨੀ ਪ੍ਰਾਈਵੇਟ ਲਿਮਟਿਡ ਮੁੰਬਈ’ ਦੀ ਮਾੜੀ ਕਾਰਗੁਜ਼ਾਰੀ ਕਰਕੇ ਪੂਰਾ ਨਹੀਂ ਹੋ ਸਕਿਆ ਅਤੇ ਇਹ ਕੰਮ ਇਸ ਕੰਪਨੀ ਤੋਂ ਵਾਪਸ ਲੈ ਲਿਆ ਹੈ।
ਵਿਧਾਇਕ ਸੁਖਪਾਲ ਖਹਿਰਾ ਨੇ ਮੁੱਦਾ ਉਠਾਇਆ ਕਿ ਮੁੰਬਈ ਦੀ ਇਸ ਕੰਪਨੀ ਨੇ ਬਹੁਤ ਸਾਰੇ ਸ਼ਹਿਰਾਂ ਵਿੱਚ ਗਠਜੋੜ ਸਰਕਾਰ ਸਮੇਂ ਕੰਮ ਕੀਤਾ ਸੀ ਪਰ ਇਸ ਕੰਪਨੀ ਦੇ ਘਟੀਆ ਕੰਮ ਕਰਕੇ ਸੀਵਰੇਜ ਦੇ ਪ੍ਰਾਜੈਕਟਾਂ ’ਚ ਨੁਕਸ ਸਾਹਮਣੇ ਆਏ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਕੰਪਨੀ ਵੱਲੋਂ ਕਰਵਾਏ ਕੰਮਾਂ ਦੀ ਵਿਜੀਲੈਂਸ ਪੜਤਾਲ ਕਰਾਈ ਜਾਵੇ। ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਹ ਕੌਮਾਂਤਰੀ ਕੰਪਨੀ ਹੈ, ਜਿਸ ਨੂੰ ਪੰਜਾਬ ’ਚ ਛੋਟੇ ਕੰਮ ਦਿੱਤੇ ਗਏ ਅਤੇ ਇਸ ਕੰਪਨੀ ਨੇ ਅੱਗੇ ਪ੍ਰਾਜੈਕਟ ਸਬ-ਲੈੱਟ ਕਰ ਦਿੱਤੇ। ਵਜ਼ੀਰ ਨੇ ਕਿਹਾ ਕਿ ਹੁਣ ਅੱਗੇ ਤੋਂ ਛੋਟੇ ਠੇਕਦਾਰਾਂ ਨੂੰ ਕੰਮ ਦਿੱਤੇ ਜਾਣਗੇ।
ਵਿਧਾਇਕ ਮਦਨ ਲਾਲ ਜਲਾਲਪੁਰ ਦੇ ਇੱਕ ਸੁਆਲ ਦੇ ਜੁਆਬ ਵਿੱਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਹਾਲੇ ਘਨੌਰ ਵਿੱਚ ਖੇਡ ਸਟੇਡੀਅਮ ਬਣਾਏ ਜਾਣ ਦੀ ਕੋਈ ਤਜਵੀਜ਼ ਨਹੀਂ ਹੈ ਪਰ ਜੇਕਰ ਪੰਚਾਇਤ ਜ਼ਮੀਨ ਦੇ ਦੇਵੇਗੀ ਤਾਂ ਸਟੇਡੀਅਮ ਬਣਾ ਦਿੱਤਾ ਜਾਵੇਗਾ। ਵਿਧਾਇਕ ਜਲਾਲਪੁਰ ਨੇ ਕਿਹਾ ਕਿ ਇਸ ਪਛੜੇ ਇਲਾਕੇ ਦੇ ਖਿਡਾਰੀਆਂ ਨੂੰ ਖੇਡਣ ਲਈ ਹਰਿਆਣਾ ਵਿੱਚ ਜਾਣਾ ਪੈਂਦਾ ਹੈ। ਵਿਧਾਇਕ ਨਵਤੇਜ ਚੀਮਾ ਨੇ ਸੁਲਤਾਨਪੁਰ ਲੋਧੀ ਵਿੱਚ ਇੱਕ ਖੇਡ ਸਟੇਡੀਅਮ ’ਤੇ ਨਾਜਾਇਜ਼ ਕਬਜ਼ੇ ਦਾ ਮਾਮਲਾ ਉਠਾਇਆ। ਕੁਲਬੀਰ ਜ਼ੀਰਾ ਦੇ ਸੁਆਲ ਦੇ ਜੁਆਬ ਵਿੱਚ ਮੰਤਰੀ ਨੇ ਕਿਹਾ ਕਿ ਜ਼ੀਰਾ ਦੇ ਰੈਸਟ ਹਾਊਸ ਦੀ ਮੁਰੰਮਤ ਲਈ ਫੰਡਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਸ਼ਾਮਲਾਟ ’ਚੋਂ 400 ਕਨਾਲ ਜ਼ਮੀਨ ਗਾਇਬ: ਚੀਮਾ
ਸੰਗਰੂਰ ਦੇ ਪਿੰਡ ਖਡਿਆਲ ’ਚ ਸ਼ਾਮਲਾਟ ’ਤੇ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਸਦਨ ’ਚ ਉੱਠਿਆ। ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਥੋੜੇ ਅਰਸੇ ਵਿੱਚ ਹੀ ਇਸ ਪਿੰਡ ਦੀ ਸ਼ਾਮਲਾਟ ਲੈਂਡ ਦੇ ਰਿਕਾਰਡ ਵਿੱਚੋਂ 400 ਕਨਾਲ ਜ਼ਮੀਨ ਗਾਇਬ ਹੋ ਗਈ ਹੈ ਅਤੇ ਇਸ ਸਕੈਂਡਲ ਦੀ ਜਾਂਚ ਕਰਵਾਈ ਜਾਵੇ। ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਭਰੋਸਾ ਦਿੱਤਾ ਕਿ ਸ਼ਾਮਲਾਟ ’ਤੇ ਜੋ ਗਰੀਬ ਲੋਕ ਕਾਬਜ਼ ਹਨ, ਉਨ੍ਹਾਂ ਨੂੰ ਮਾਲਕ ਬਣਾ ਦਿੱਤਾ ਜਾਵੇਗਾ।
ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਦਿਆਂਗੇ: ਕਾਂਗੜ
ਐਕਸਪ੍ਰੈੱਸ ਵੇਅ ਲਈ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦਾ ਮਾਮਲਾ ਵੀ ਅੱਜ ਸਦਨ ਵਿੱਚ ਗੂੰਜਿਆ। ਰਾਣਾ ਗੁਰਜੀਤ ਸਿੰਘ ਦੇ ਇੱਕ ਸੁਆਲ ਦੇ ਜੁਆਬ ਵਿੱਚ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਮੁਆਵਜ਼ੇ ਲਈ ਇੱਕ ਕਮੇਟੀ ਪਹਿਲਾਂ ਹੀ ਬਣੀ ਹੈ, ਜਿਸ ਵੱਲੋਂ ਕਿਸੇ ਵੀ ਕਿਸਾਨ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਜ਼ਮੀਨਾਂ ਦੇ ਘੱਟ ਕੁਲੈਕਟਰ ਰੇਟ ਹੋਣ ਕਰਕੇ ਮੁਆਵਜ਼ੇ ਸਮੇਂ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਨਵਤੇਜ ਚੀਮਾ ਨੇ ਵੀ ਕਿਸਾਨਾਂ ਦੀ ਇਸ ਮੁਸ਼ਕਲ ਦੀ ਗੱਲ ਰੱਖੀ।
ਸ਼ਹੀਦ ਸਲੀਮ ਖਾਂ ਦਾ ਮਾਮਲਾ ਉੱਠਿਆ
ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਨੇ ਪਿੰਡ ਮਰਦਾਹੇੜੀ ਦੇ ਸ਼ਹੀਦ ਲਾਂਸ ਨਾਇਕ ਸਲੀਖ ਖਾਂ ਦਾ ਮਾਮਲਾ ਉਠਾਇਆ। ਸੁਆਲ ਦੇ ਜੁਆਬ ਵਿੱਚ ਖੇਡ ਮੰਤਰੀ ਨੇ ਕਿਹਾ ਕਿ ਮਰਦਾਹੇੜੀ ਵਿੱਚ ਖੇਲੋ ਇੰਡੀਆ ਸਕੀਮ ਤਹਿਤ ਇਸ ਸ਼ਹੀਦ ਦੇ ਨਾਮ ’ਤੇ ਸਟੇਡੀਅਮ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ। ਚੰਦੂਮਾਜਰਾ ਨੇ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਦੀ ਥਾਂ ਹਾਲੇ ਸਿਰਫ ਪੰਜ ਲੱਖ ਮੁਆਵਜ਼ਾ ਮਿਲਿਆ ਹੈ ਅਤੇ ਸਰਕਾਰ ਨੇ ਸ਼ਹੀਦ ਦੀ ਕਬਰ ਤਕ ਪੱਕੀ ਨਹੀਂ ਕਰਵਾਈ। ਮੰਤਰੀ ਨੇ ਜ਼ਮੀਨ ਮਿਲਣ ਦੀ ਸੂਰਤ ਵਿੱਚ ਸਟੇਡੀਅਮ ਬਣਾਏ ਜਾਣ ਦੀ ਭਰੋਸਾ ਦਿੱਤਾ। ਇਸੇ ਦੌਰਾਨ ਵਿਧਾਇਕ ਪ੍ਰਗਟ ਸਿੰਘ ਨੇ 22 ਜ਼ਿਲ੍ਹਿਆਂ ਵਿੱਚੋਂ ਸਿਰਫ ਛੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਖੇਡ ਅਫ਼ਸਰ ਹੋਣ ਦੀ ਗੱਲ ਰੱਖੀ।