ਮਨੋਜ ਸ਼ਰਮਾ
ਬਠਿੰਡਾ, 1 ਜੁਲਾਈ
ਅੱਜ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਹਸਪਤਾਲ ਵਿਖੇ ਮਲਟੀਪਰਪਜ਼ ਹੈਲਥ ਵਰਕਰਜ਼ ਫੀਮੇਲ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਬਠਿੰਡਾ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਹਸਪਤਾਲ ਦੀ ਬਲੱਡ ਬੈਂਕ ਅੱਗੇ ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਦੋਸ਼ ਲਗਾਏ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਬਜਾਏ ਅੱਖੋ ਪਰੋਖੇ ਕਰਦਿਆਂ ਪੰਜਾਬ ਅੰਦਰ ਨਵੀਆਂ ਰੈਗੂਲਰ ਪੋਸਟਾਂ ਕੱਢ ਦਿੱਤੀਆਂ ਹਨ, ਜਦੋਂ ਕਿ 12-13 ਸਾਲਾਂ ਤੋਂ ਪੂਰੇ ਪੰਜਾਬ ਅੰਦਰ 2250 ਦੇ ਕਰੀਬ ਮਲਟੀਪਰਪਜ਼ ਹੈਲਥ ਵਰਕਰਜ਼ ਠੇਕੇ ’ਤੇ ਕੰਮ ਕਰ ਰਹੇ ਹਨ। ਵਰਕਰਾਂ ਨੇ ਮੰਗ ਕੀਤੀ ਕਿ ਰੈਗੂਲਰ ਭਰਤੀ ਕਰਨ ਤੋਂ ਪਹਿਲਾਂ ਉਨ੍ਹਾ ਦੀ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ ਨਹੀਂ ਤਾਂ ਵੱਡੀ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਵੀਰਪਾਲ ਕੌਰ, ਸਰੋਜ ਬਾਲਾ ਤੇ ਸੁਧਾ ਰਾਣੀ ਸਣੇ ਹੋਰ ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇ ਸੇਵਾਵਾਂ ਨੂੰ ਰੈਗੂਲਰ ਨਾ ਕੀਤਾ ਗਿਆ ਤਾਂ ਸੂਬਾ ਕਮੇਟੀ ਦੇ ਸੱਦੇ ’ਤੇ 4 ਜੁਲਾਈ ਪੂਰੇ ਪੰਜਾਬ ਅੰਦਰ ਸੰਘਰਸ਼ ਤੇਜ਼ ਕੀਤਾ ਜਾਵੇਗਾ।