ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਜੁਲਾਈ
ਮਲਟੀਪਰਪਜ਼ ਫੀਮੇਲ ਹੈਲਥ ਵਰਕਰਾਂ ਵੱਲੋਂ ਆਪਣੀਆ ਸੇਵਾਵਾਂ ਰੈਗੂਲਰ ਕਰਵਾਉਣ ਲਈ ਅੱਜ ਛੇਵੇਂ ਦਿਨ ਵੀ ਕਰੋਨਾ ਡਿਊਟੀਆਂ ਦਾ ਬਾਈਕਾਟ ਕਰਕੇ ਇੱਥੇ ਲੜੀਵਾਰ ਭੁੱਖ ਰੱਖਦਿਆ ਸਿਵਲ ਸਰਜਨ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਇਸ ਦੌਰਾਨ ਜਥੇਬੰਦੀ ਦੀ ਜ਼ਿਲ੍ਹਾ ਜਨਰਲ ਸਕੱਤਰ ਰਾਜਬੀਰ ਕੌਰ ਰਾਮਗੜ੍ਹ ਨੇ ਮੰਗ ਕੀਤੀ ਕਿ ਸਿੱਧੀ ਅਤੇ ਨਵੀਂ ਭਰਤੀ ਕਰਨ ਤੋਂ ਪਹਿਲਾਂ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰੇ। ਸੂਬਾਈ ਜਥੇਬੰਦੀ ਵੱਲੋਂ ਲਏ ਗਏ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜੇ ਛੇ ਅਗਸਤ ਤੱਕ ਸੇਵਾਵਾਂ ਰੈਗੂਲਰ ਕਰਨ ਸਬੰਧੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀ ਵੱਲੋਂ ਮੁੱਖ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ ਦਾ ਸੂਬਾਈ ਪੱਧਰੀ ਘਿਰਾਓ ਕੀਤਾ ਜਾਵੇਗਾ। ਅੱਜ ਦੀ ਭੁੱਖ ਹੜਤਾਲ ਵਿੱਚ ਪੰਜ ਵਰਕਰਾਂ ਨੇ ਸ਼ਮੂਲੀਅਤ ਕੀਤੀ, ਜਿਸ ਦੌਰਾਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ।