ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 20 ਅਗਸਤ
ਪੰਜਾਬ ਦੇ ਸਾਬਕਾ ਆਈਏਐੰਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਖ਼ਿਲਾਫ਼ ਵਾਅਦਾ ਮੁਆਫ਼ ਗਵਾਹ ਬਣੇ ਯੂਟੀ ਪੁਲੀਸ ਦੇ ਦੋ ਸਾਬਕਾ ਇੰਸਪੈਕਟਰ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਸੰਧੂ ਦੇ ਬਿਆਨ ਕਲਮਬੰਦ ਕੀਤੇ ਗਏ। ਇਹ ਸਾਰੀ ਕਾਰਵਾਈ ਮੁਹਾਲੀ ਦੀ ਜੁਡੀਸ਼ਲ ਮੈਜਿਸਟਰੇਟ-ਕਮ-ਡਿਊਟੀ ਮੈਜਿਸਟਰੇਟ ਰਸਵੀਨ ਕੌਰ ਦੀ ਅਦਾਲਤ ਵਿੱਚ ਹੋਈ, ਜਿਥੇ ਜੱਜ ਦੇ ਸਾਹਮਣੇ ਦੋਵੇਂ ਸਾਬਕਾ ਅਧਿਕਾਰੀਆਂ ਦੇ ਸੀਆਰਪੀਸੀ ਦੀ ਧਾਰਾ 164 ਦੇ ਤਹਿਤ ਬਿਆਨ ਦਰਜ ਕੀਤੇ ਗਏ। ਪਤਾ ਲੱਗਾ ਹੈ ਕਿ ਬਿਆਨ ਦਰਜ ਕਰਨ ਤੋਂ ਪਹਿਲਾਂ ਜੱਜ ਨੇ ਸਚਾਈ ਜਾਣਨ ਲਈ ਸਾਬਕਾ ਪੁਲੀਸ ਅਫ਼ਸਰਾਂ ਨੂੰ ਪੁੱਛਿਆ ਕਿ ਉਹ ਬਿਆਨ ਆਪਣੀ ਮਰਜ਼ੀ ਨਾਲ ਦੇ ਰਹੇ ਹਨ ਜਾਂ ਉਨ੍ਹਾਂ ’ਤੇ ਬਿਆਨ ਦੇਣ ਲਈ ਕਿਸੇ ਕਿਸਮ ਦਾ ਦਬਾਅ ਪਾਇਆ ਗਿਆ ਹੈ। ਉਨ੍ਹਾਂ ਨੇ ਜੱਜ ਨੂੰ ਸਪੱਸ਼ਟ ਕੀਤਾ ਕਿ ਉਹ ਆਪਣੀ ਮਰਜ਼ੀ ਨਾਲ ਬਿਆਨ ਦੇਣ ਰਹੇ ਹਨ। ਉਨ੍ਹਾਂ ’ਤੇ ਕਿਸੇ ਦਾ ਕੋਈ ਦਬਾਅ ਨਹੀਂ ਹੈ। ਦੋਵੇਂ ਅਧਿਕਾਰੀ ਪਹਿਲਾਂ ਹੀ ਧਾਰਾ 306 ਦੇ ਤਹਿਤ ਲਿਖਤੀ ਰੂਪ ਵਿੱਚ ਸਾਰਾ ਕੁੱਝ ਕਹਿ ਚੁੱਕੇ ਹਨ। ਵਾਅਦਾ ਮੁਆਫ਼ ਗਵਾਹਾਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਹੁਣ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਬਾਕੀ ਮੁਲਜ਼ਮਾਂ ਖ਼ਿਲਾਫ਼ ਧਾਰਾ 302 ਦੇ ਜੁਰਮ ਦਾ ਵਾਧਾ ਕੀਤਾ ਜਾ ਸਕਦਾ ਹੈ। ਇਸ ਸਬੰਧੀ ਅਦਾਲਤ ਨੇ ਭਲਕੇ 21 ਅਗਸਤ ਤੱਕ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ।