ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 23 ਅਕਤੂਬਰ
‘ਸਿਟਕੋ’ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਗਾਇਬ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਮੁਹਾਲੀ ਪੁਲੀਸ ਵੱਲੋਂ ਦੁਬਾਰਾ ਸੰਮਨ ਜਾਰੀ ਕੀਤੇ ਗਏ ਹਨ। ਮਟੌਰ ਥਾਣੇ ਦੇ ਐੱਸਐਚਓ ਦੇ ਦਸਤਖ਼ਤਾਂ ਹੇਠ ਅੱਜ ਜਾਰੀ ਕੀਤੇ ਸੰਮਨ ਵਿੱਚ ਸੈਣੀ ਨੂੰ 26 ਅਕਤੂਬਰ ਨੂੰ ਸਵੇਰੇ 11 ਵਜੇ ਮਟੌਰ ਥਾਣੇ ਵਿੱਚ ‘ਸਿੱਟ’ ਕੋਲ ਤਫ਼ਤੀਸ਼ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਸੂਤਰ ਦੱਸਦੇ ਹਨ ਕਿ ਐਤਕੀਂ ਪਹਿਲੀ ਵਾਰ ਪੁਲੀਸ ਨੇ ਸੈਣੀ ਨੂੰ ਖ਼ੁਦ ਉਸ ਦੇ ਹੱਥਾਂ ’ਚ ਸੰਮਨ ਫੜਾਏ ਹਨ। ਜਿਵੇਂ ਹੀ ਪੁਲੀਸ ਸੈਣੀ ਦੇ ਘਰ ਪਹੁੰਚੀ ਤਾਂ ਸੈਣੀ ਉੱਥੇ ਮੌਜੂਦ ਸੀ ਤੇ ਪੁਲੀਸ ਪਾਰਟੀ ਨੇ ਉਨ੍ਹਾਂ ਨੂੰ ਸੰਮਨ ਸੌਂਪੇ। ਇਸ ਤੋਂ ਪਹਿਲਾਂ ਵੀ ਮੁਹਾਲੀ ਪੁਲੀਸ ਸੈਣੀ ਨੂੰ ਸੰਮਨ ਭੇਜ ਕੇ ਜਾਂਚ ਵਿੱਚ ਸ਼ਾਮਲ ਕਰ ਚੁੱਕੀ ਹੈ। ਚਸ਼ਮਦੀਦ ਗਵਾਹਾਂ ਤੇ ਵਾਅਦਾ ਮੁਆਫ਼ ਗਵਾਹ ਬਣੇ ਯੂਟੀ ਪੁਲੀਸ ਦੇ ਦੋ ਸਾਬਕਾ ਇੰਸਪੈਕਟਰਾਂ ਜਗੀਰ ਸਿੰਘ ਤੇ ਕੁਲਦੀਪ ਸਿੰਘ ਸੰਧੂ ਦੇ ਬਿਆਨ ਦਰਜ ਹੋਣ ਮਗਰੋਂ ਪੁਲੀਸ ਵੱਲੋਂ ਸੈਣੀ ਦੇ ਖ਼ਿਲਾਫ਼ 21 ਅਗਸਤ ਨੂੰ ਧਾਰਾ 302 ਦੇ ਤਹਿਤ ਕਤਲ ਦੇ ਜੁਰਮ ਦਾ ਵਾਧਾ ਕੀਤਾ ਗਿਆ ਸੀ। ਸਾਬਕਾ ਡੀਜੀਪੀ ਨੇ ਉਨ੍ਹਾਂ ਖ਼ਿਲਾਫ਼ ਦਰਜ ਅਪਰਾਧਿਕ ਕੇਸ ਨੂੰ ਮੁੱਢੋਂ ਰੱਦ ਕਰਵਾਉਣ ਤੇ ਪੱਕੀ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਗਿਆ ਹੈ ਅਤੇ ਇਨ੍ਹਾਂ ਦੋਵੇਂ ਮਾਮਲਿਆਂ ਦੀ 27 ਅਕਤੂਬਰ ਨੂੰ ਸੁਣਵਾਈ ਹੋਣੀ ਹੈ। ਇਸ ਤੋਂ ਇਲਾਵਾ ਮੁਹਾਲੀ ਅਦਾਲਤ ਵੱਲੋਂ ਸੈਣੀ ਖ਼ਿਲਾਫ਼ ਜਾਰੀ ਕੀਤੇ ਗ੍ਰਿਫ਼ਤਾਰੀ ਵਾਰੰਟ ਵਾਪਸ ਲੈਣ ਅਤੇ ਉਸ ਨੂੰ ਦਿੱਤੀ ਜ਼ਮਾਨਤ ਰੱਦ ਕਰਨ ਲਈ ਸਰਕਾਰ ਦੀ ਪਟੀਸ਼ਨ ਵੀ ਵਿਚਾਰ ਅਧੀਨ ਹੈ। ਇਸ ਕੇਸ ਦੀ ਸੁਣਵਾਈ ਵੀ 27 ਅਕਤੂਬਰ ਨੂੰ ਹੋਣੀ ਹੈ।