ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 17 ਸਤੰਬਰ
ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਸੁਪਰੀਮ ਕੋਰਟ ’ਚੋਂ ਆਰਜ਼ੀ ਜ਼ਮਾਨਤ ਕਰਵਾਉਣ ਮਗਰੋਂ ਹਾਲੇ ਤੱਕ ਜਾਂਚ ਵਿੱਚ ਸ਼ਾਮਲ ਨਹੀਂ ਹੋਏ। ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ ਲਗਾਉਂਦਿਆਂ ਉਸ ਨੂੰ ਪੁਲੀਸ ਜਾਂਚ ਵਿੱਚ ਸਹਿਯੋਗ ਦੇਣ ਲਈ ਕਿਹਾ ਸੀ। ਪੁਲੀਸ ਜਾਣਕਾਰੀ ਅਨੁਸਾਰ ਅਜੇ ਤਾਈਂ ਉਹ ‘ਸਿਟ’ ਅੱਗੇ ਪੇਸ਼ ਨਹੀਂ ਹੋਏ ਹਨ। ਸੁਪਰੀਮ ਕੋਰਟ ਵਿੱਚ ਅਗਲੀ ਸੁਣਵਾਈ 27 ਅਕਤੂਬਰ ਨੂੰ ਹੋਣੀ ਹੈ। ਉੱਧਰ, ਸਾਬਕਾ ਡੀਜੀਪੀ ਨੂੰ ਮਟੌਰ ਥਾਣੇ ਵਿੱਚ ਦਰਜ ਅਪਰਾਧਕ ਮਾਮਲੇ ’ਚ ਮਿਲੀ ਅਗਾਊਂ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਦਾਇਰ ਅਰਜ਼ੀ ’ਤੇ ਅੱਜ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਵਿੱਚ ਸੁਣਵਾਈ ਹੋਈ। ਸੈਣੀ ਦੇ ਵਕੀਲ ਵੱਲੋਂ ਅੱਜ ਵੀ ਵਕਾਲਤਨਾਮੇ ਸਬੰਧੀ ਜਵਾਬ ਦਾਖ਼ਲ ਨਹੀਂ ਕੀਤਾ ਗਿਆ। ਬਚਾਅ ਪੱਖ ਦੇ ਇੱਕ ਵਕੀਲ ਦਾ ਕਹਿਣਾ ਸੀ ਕਿ ਸੈਣੀ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਹੈ, ਜਿਸ ਕਾਰਨ ਵਕਾਲਤਨਾਮੇ ’ਤੇ ਦਸਤਖ਼ਤ ਨਹੀਂ ਹੋ ਸਕੇ। ਸੈਣੀ ਦੇ ਵਕੀਲ ਨੇ ਕੁਝ ਦਿਨਾਂ ਦੀ ਹੋਰ ਮੋਹਲਤ ਮੰਗੀ ਹੈ। ਅਦਾਲਤ ਨੇ ਸਰਕਾਰੀ ਵਕੀਲ ਰਾਹੀਂ ਸਰਕਾਰ ਨੂੰ ਸਵਾਲ ਕੀਤਾ ਕਿ ਸਾਬਕਾ ਡੀਜੀਪੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਮਗਰੋਂ ਵੀ ਪੁਲੀਸ ਨੂੰ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ ਅਤੇ ਹੁਣ ਧਾਰਾ 364 ਵਿੱਚ ਮਿਲੀ ਜ਼ਮਾਨਤ ਰੱਦ ਕਰਵਾ ਕੇ ਉਹ ਕੀ ਕਰਨਗੇ ਜਦੋਂਕਿ ਧਾਰਾ 302 ਵਿੱਚ ਤਾਂ ਉਸ ਦੀ ਗ੍ਰਿਫ਼ਤਾਰੀ ’ਤੇ ਰੋਕ ਲੱਗ ਚੁੱਕੀ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 22 ਅਕਤੂਬਰ ’ਤੇ ਪਾ ਦਿੱਤੀ।