ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 25 ਨਵੰਬਰ
ਮੁਹਾਲੀ ਅਦਾਲਤ ਬਲਵੰਤ ਸਿੰਘ ਮੁਲਤਾਨੀ ਕੇਸ ’ਚ ਨਾਮਜ਼ਦ ਚੰਡੀਗੜ੍ਹ ਦੇ ਸੈਕਟਰ-17 ਥਾਣਾ ਦੇ ਤਤਕਾਲੀ ਐੱਸਐੱਚਓ ਕੇ.ਆਈ.ਪੀ. ਸਿੰਘ ਵੱਲੋਂ ਗ੍ਰਿਫ਼ਤਾਰੀ ਵਾਰੰਟ ਵਾਪਸ ਲੈਣ ਸਬੰਧੀ ਦਾਖਲ ਅਰਜ਼ੀ ਰੱਦ ਕਰ ਦਿੱਤੀ ਹੈ। ਅਦਾਲਤ ਨੇ 9 ਅਕਤੂਬਰ ਨੂੰ ਤਤਕਾਲੀ ਥਾਣਾ ਮੁਖੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ। ਉਧਰ ਵਿਦੇਸ਼ ’ਚ ਬੈਠੇ ਕੇਆਈਪੀ ਸਿੰਘ ਨੇ ਵਕੀਲ ਰਾਹੀਂ ਮੁਹਾਲੀ ਅਦਾਲਤ ਵਿੱਚ ਅਰਜ਼ੀ ਦੇ ਕੇ ਮੰਗ ਕੀਤੀ ਸੀ ਕਿ ਉਸ ਖ਼ਿਲਾਫ਼ ਜਾਰੀ ਗ੍ਰਿਫ਼ਤਾਰੀ ਵਾਰੰਟ ਵਾਪਸ ਲਏ ਜਾਣ ਕਿਉਂਕਿ ਉਹ ਕਾਨੂੰਨ ਤੋਂ ਭੱਜਿਆ ਨਹੀਂ ਬਲਕਿ ਨੌਕਰੀ ਦੇ ਸਿਲਸਿਲੇ ’ਚ ਵਿਦੇਸ਼ ਗਿਆ ਹੈ। ਇਸ ਸਬੰਧੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ। ਪੰਜਾਬ ਸਰਕਾਰ ਨੇ ਲਿਖਤੀ ਜਵਾਬ ਦਾਖ਼ਲ ਕਰਦਿਆਂ ਤਤਕਾਲੀ ਥਾਣਾ ਮੁਖੀ ਦੀ ਰਹਿਮ ਅਪੀਲ ਖਾਰਜ ਕਰਨ ਦੀ ਮੰਗ ਕੀਤੀ ਸੀ।