ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 19 ਨਵੰਬਰ
ਮੁਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਗਾਇਬ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਧਾਰਾ 364 ਵਿੱਚ ਮਿਲੀ ਅਗਾਊਂ ਜ਼ਮਾਨਤ ਰੱਦ ਕਰਨ ਬਾਰੇ ਸੁਣਵਾਈ ਅੱਗੇ ਟਲ ਗਈ ਹੈ। ਬੀਤੀ 11 ਮਈ ਨੂੰ ਮੁਹਾਲੀ ਅਦਾਲਤ ਨੇ ਸੈਣੀ ਨੂੰ ਵੱਡੀ ਰਾਹਤ ਦਿੰਦਿਆਂ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕੀਤੀ ਸੀ। ਅਦਾਲਤ ਨੇ ਉਸ ਮੌਕੇ ਸਾਬਕਾ ਡੀਜੀਪੀ ਨੂੰ ਆਦੇਸ਼ ਦਿੱਤੇ ਸੀ ਕਿ ਉਹ ਪੁਲੀਸ ਜਾਂਚ ਵਿੱਚ ਸ਼ਾਮਲ ਹੋਣ ਅਤੇ ਅਦਾਲਤ ਨੂੰ ਦੱਸੇ ਬਿਨਾਂ ਆਪਣੇ ਘਰ ਤੋਂ ਬਿਲਕੁਲ ਬਾਹਰ ਨਹੀਂ ਜਾਣਗੇ, ਬਸ਼ਰਤੇ ਉਨ੍ਹਾਂ ਨੂੰ ਕੋਈ ਮੈਡੀਕਲ ਐਮਰਜੈਂਸੀ ਨਾ ਹੋਵੇ।
ਸਰਕਾਰੀ ਵਕੀਲ ਨੇ ਦੱਸਿਆ ਕਿ ਸੁਮੇਧ ਸੈਣੀ ਨੇ ਪਿਛਲੇ ਸਮੇਂ ਦੌਰਾਨ ਅਦਾਲਤ ਅਤੇ ਸਿੱਟ ਨੂੰ ਕੁੱਝ ਦੱਸੇ ਬਿਨਾਂ ਘਰ ਤੋਂ ਗਾਇਬ ਹੋ ਕੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ, ਲਿਹਾਜ਼ਾ ਉਸ ਨੂੰ ਦਿੱਤੀ ਜ਼ਮਾਨਤ ਰੱਦ ਕੀਤੀ ਜਾਵੇ। ਉਧਰ, ਸੁਣਵਾਈ ਦੌਰਾਨ ਸੈਣੀ ਵੱਲੋਂ ਪੰਜਾਬ ਸਰਕਾਰ ਅਤੇ ਪੀੜਤ ਪਰਿਵਾਰ ਵੱਲੋਂ ਲਗਾਏ ਇਤਰਾਜ਼ਾਂ ਬਾਰੇ ਆਪਣਾ ਲਿਖਤੀ ਪੱਖ ਨਹੀਂ ਰੱਖਿਆ ਗਿਆ ਸਗੋਂ ਉਕਤ ਕਾਰਵਾਈ ਲਈ ਇਹ ਕਹਿ ਕੇ ਹੋਰ ਮੋਹਲਤ ਮੰਗੀ ਗਈ ਕਿ ਸਾਬਕਾ ਡੀਜੀਪੀ ਦੀ ਪੱਕੀ ਜ਼ਮਾਨਤ ਬਾਰੇ ਸੁਪਰੀਮ ਕੋਰਟ ਵੱਲੋਂ ਆਪਣਾ ਫੈਸਲਾ ਰਾਖਵਾਂ ਰੱਖਿਆ ਗਿਆ ਹੈ ਅਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਉਹ ਆਪਣਾ ਜਵਾਬ ਦਾਇਰ ਕਰ ਦੇਣਗੇ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਸਰਕਾਰ ਦੀ ਅਰਜ਼ੀ ’ਤੇ ਕੇਸ ਦੀ ਅਗਲੀ ਤਰੀਕ 3 ਦਸੰਬਰ ਨਿਰਧਾਰਿਤ ਕਰ ਦਿੱਤੀ ਹੈ।