ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 1 ਮਾਰਚ
ਰੂਸ-ਯੂਕਰੇਨ ਟਕਰਾਅ ਦਾ ਮੁੱਖ ਨਿਸ਼ਾਨਾ ਬਣੇ ਖਾਰਕੀਵ ਸ਼ਹਿਰ ਵਿੱਚ ਇਕ ਵਿਦਿਆਰਥੀ ਦੇ ਰੇਲਗੱਡੀ ਚੜਨ ਲੱਗਿਆਂ ਗੋਲੀ ਵੱਜਣ ਦੀਆਂ ਖ਼ਬਰਾਂ ਆਉਣ ਮਗਰੋਂ ਉਥੇ ਫਸੇ ਮੁਕਤਸਰ ਖੇਤਰ ਦੇ ਕਰੀਬ 50 ਵਿਦਿਆਰਥੀਆਂ ਦੀ ਜਾਨ ਨੂੰ ਦਰਪੇਸ਼ ਖਤਰੇ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦਾ ਕੋਈ ਪ੍ਰਬੰਧ ਨਾ ਦਿਸਣ ਤੋਂ ਦੁਖੀ ਮਾਪਿਆਂ ਨੇ ਭਲਕੇ ਦਿੱਲੀ ਜਾਣ ਦਾ ਫੈਸਲਾ ਕੀਤਾ ਹੈ। ਉਹ ਦਿੱਲੀ ਵਿੱਚ ਮੋਦੀ ਸਰਕਾਰ ਅਤੇ ਯੂਕਰੇਨੀ ਤੇ ਰੂਸੀ ਅੰਬੈਸੀਆਂ ਦੇ ਬਾਹਰ ਮੁਜ਼ਾਹਰਾ ਕਰਨਗੇ। ਖਾਰਕੀਵ ਵਿੱਚ ਰਹਿ ਰਹੀ ਵਿਦਿਆਰਥਣ ਰਾਜਵੀਰ ਕੌਰ ਨੇ ਦੱਸਿਆ ਕਿ ਰੇਲਗੱਡੀ ’ਚ ਚੜ੍ਹਦਿਆਂ ਇਕ ਬੱਚੇ ਦੇ ਗੋਲੀ ਲੱਗੀ ਜਿਸ ਕਰਕੇ ਚੀਕ ਚਿਹਾੜਾ ਮੱਚ ਗਿਆ। ਪੀੜਤ ਮਾਪੇ ਰਣਜੀਤ ਸਿੰਘ, ਅਸ਼ੋਕ ਕੁਮਾਰ, ਗੁਰਤੇਜ ਸਿੰਘ, ਗੁਰਮਖ ਸਿੰਘ, ਸੁਖਵਿੰਦਰਪਾਲ ਸਿੰਘ, ਦਾਰਾ ਸਿੰਘ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਪੜ੍ਹਦੇ ਹਨ। ਉਨ੍ਹਾਂ ਰੋਸ ਜ਼ਾਹਿਰ ਕੀਤਾ ਕਿ ਮਾਪੇ ਹਾੜੇ ਕੱਢਦੇ ਫਿਰ ਰਹੇ ਹਨ, ਪਰ ਕਿਸੇ ਅਧਿਕਾਰੀ ਤੇ ਸਿਆਸੀ ਆਗੂ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਵੱਲੋਂ ਵਾਰ-ਵਾਰ ਦੁਹਾਈ ਦਿੱਤੀ ਜਾ ਰਹੀ ਹੈ ਕਿ ਯੂਕਰੇਨ ਵਿਚਲੀ ਭਾਰਤੀ ਅੰਬੈਸੀ ਵੱਲੋਂ ਕਾਗਜ਼ੀ ਕਾਰਵਾਈ ਤੋਂ ਛੁੱਟ ਹੋਰ ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ। ਬੱਚੇ ਬੰਕਰਾਂ, ਜ਼ਮੀਨਦੋਜ਼ ਮੈਟਰੋ ਸਟੇਸ਼ਨਾਂ ਅਤੇ ਹੋਰ ਥਾਵਾਂ ਉਪਰ ਤੜੇ ਹੋਏ ਹਨ। ਖਾਣ-ਪਾਣੀ ਦਾ ਕੋਈ ਪੁਖਤਾ ਪ੍ਰਬੰਧ ਨਹੀਂ। ਮਨਫ਼ੀ ਤਾਪਮਾਨ ਵਿੱਚ ਉਨ੍ਹਾਂ ਕੋਲ ਕੱਪੜੇ ਨਹੀਂ। ਭਾਰਤੀ ਅੰਬੈਸੀ ਖਾਰਕੀਵ ਛੱਡਣ ਦੀ ਐਡਵਾਈਜ਼ਰੀ ਤਾਂ ਜਾਰੀ ਕਰ ਰਹੀ ਹੈ, ਪਰ ਬੱਸ ਜਾਂ ਰੇਲ ਦਾ ਕੋਈ ਪ੍ਰਬੰਧ ਨਹੀਂ ਹੈ। ਗੁਰਮੁਖ ਸਿੰਘ ਦੀ ਧੀ ਮਹਿਕਪ੍ਰੀਤ ਕੌਰ, ਜੋ 25 ਫਰਵਰੀ ਨੂੰ ਹਵਾਈ ਟਿਕਟ ਬੁੱਕ ਕਰਾ ਕੇ ‘ਕੀਵ’ ਪੁੱਜੀ ਸੀ, ਨੂੰ ਪੰਜ ਦਿਨ ਉਥੇ ਰੁਲਣ ਤੋਂ ਬਾਅਦ ਜਦੋਂ ਰੇਲਗੱਡੀ ਮਿਲੀ ਤਾਂ ਉਸ ਵਿੱਚ ਚੜਨ ਨਹੀਂ ਦਿੱਤਾ ਗਿਆ। ਬੈਂਕ ਵਿੱਚੋਂ ਪੈਸੇ ਵੀ ਨਹੀਂ ਨਿਕਲੇ। ਉਹ ਫਲੈਟਾਂ ’ਚੋਂ ਲਿਆਂਦੀ ਸਮੱਗਰੀ ਦੇ ਸਹਾਰੇ ਦਿਨ ਕੱਟੀ ਕਰ ਰਹੇ ਹਨ। ਹੁਣ ਮਾਪੇ ਦਿੱਲੀ ਦੀ ਰੂਸੀ ਅੰਬੈਸੀ ਮੂਹਰੇ ਮੁਜ਼ਾਹਰਾ ਕਰਕੇ ਆਪਣਾ ਰੋਸ ਜ਼ਾਹਿਰ ਕਰਨ ਲਈ ਦਿੱਲੀ ਜਾ ਰਹੇ ਹਨ।