ਬਹਾਦਰਜੀਤ ਸਿੰਘ
ਰੂਪਨਗਰ,4 ਅਪਰੈਲ਼
ਰੂਪਨਗਰ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਉੱਤਰ ਪ੍ਰਦੇਸ਼ ਦੇ ਵਿਧਾਇਕ ਮੁਖਤਾਰ ਅੰਸਾਰੀ ਨੂੰ ਮੁਹਾਲੀ ਅਦਾਲਤ ’ਚ ਪੇਸ਼ੀ ਲਈ ਲਿਜਾਣ ਵਾਸਤੇ ਵਰਤੀ ਗਈ ਪ੍ਰਾਈਵੇਟ ਐਂਬੂਲੈਂਸ ਅੱਜ ਰਾਤ ਰੂਪਨਗਰ-ਨੰਗਲ ਰੋਡ ’ਤੇ ਪਿੰਡ ਖਵਾਸਪੁਰਾ ਕੋਲ ਗੁਰੂ ਨਾਨਕ ਢਾਬੇ ਕੋਲ ਲਾਵਾਰਸ ਹਾਲਤ ਵਿੱਚ ਖੜ੍ਹੀ ਮਿਲੀ ਹੈ। ਇਸ ਐਂਬੂਲੈਂਸ ਦਾ ਨੰਬਰ ਯੂਪੀ 41 ਏਟੀ 7171 ਹੈ ਜੋ ਕਿ ਉੱਤਰ ਪ੍ਰਦੇਸ਼ ਦੇ ਬਾਰਾਬਾਂਕੀ ਵਿਖੇ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਰਜਿਸਟਰਡ ਮਿਲੀ ਹੈ। ਡੀਐੱਸਪੀ ਰੂਪਨਗਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਐਂਬੂਲੈਂਸ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਅੱਜ ਸਾਰਾ ਦਿਨ ਉੱਤਰ ਪ੍ਰਦੇਸ਼ ਪੁਲੀਸ ਵੱਲੋਂ ਮੁਖਤਾਰ ਅੰਸਾਰੀ ਨੂੰ ਰੂਪਨਗਰ ਜੇਲ੍ਹ ਤੋਂ ਲਿਜਾਣ ਦੀਆਂ ਕਿਆਸਰਾਈਆਂ ਲੱਗਦੀਆਂ ਰਹੀਆਂ ਅਤੇ ਜੇਲ੍ਹ ਦੇ ਬਾਹਰ ਕੌਮੀ ਅਤੇ ਸਥਾਨਕ ਮੀਡੀਆ ਕਰਮੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ ਪਰ ਉੱਤਰ ਪ੍ਰਦੇਸ਼ ਪੁਲੀਸ ਮੁਖਤਾਰ ਅੰਸਾਰੀ ਨੂੰ ਜੇਲ੍ਹ ਤੋਂ ਲਿਜਾਣ ਲਈ ਨਾ ਪੁੱਜੀ। ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਪੁਲੀਸ ਸੋਮਵਾਰ ਨੂੰ ਮੁਖਤਾਰ ਅੰਸਾਰੀ ਨੂੰ ਲਿਜਾ ਸਕਦੀ ਹੈ।