ਦਰਸ਼ਨ ਸਿੰਘ ਸੋਢੀ
ਮੁਹਾਲੀ, 31 ਮਾਰਚ
ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ’ਤੇ ਯੂਪੀ ਸਣੇ ਹੋਰ ਥਾਵਾਂ ‘ਤੇ ਵੱਡੇ ਅਪਰਾਧਿਕ ਮਾਮਲੇ ਦਰਜ ਹਨ। ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਅੰਸਾਰੀ ਨੂੰ ਪੰਜਾਬ ਤੋਂ ਯੂਪੀ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੇ ਹੁਕਮ ਦਿੱਤੇ ਹਨ। ਅੰਸਾਰੀ ਨੂੰ ਯੂਪੀ ਨੰਬਰ ਦੀ ਐਂਬੂਲੈਂਸ ਵਿੱਚ ਮੁਹਾਲੀ ਅਦਾਲਤ ਵਿੱਚ ਲਿਆਂਦਾ ਗਿਆ ਹੈ। ਅੱਧੇ ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ। ਉਸ ਨੂੰ ਐਂਬੂਲੈਂਸ ’ਚੋਂ ਕਾਫੀ ਦੇਰ ਬਾਹਰ ਨਹੀਂ ਕੱਢਿਆ ਗਿਆ। ਹੈ, ਜਦੋਂਕਿ ਪੁਲੀਸ ਧੁੱਪ ਵਿੱਚ ਬਾਹਰ ਖੜ੍ਹੀ ਪਹਿਰਾ ਦਿੰਦੀ ਰਹੀ। ਇਸ ਤੋਂ ਬਾਅਦ ਅੰਸਾਰੀ ਨੂੰ ਵ੍ਹੀਲਚੇਅਰ ’ਤੇ ਗੱਡੀ ਵਿੱਚੋਂ ਬਾਹਰ ਲਿਆਂਦਾ ਗਿਆ ਤੇ ਅਦਾਲਤ ਵਿੱਚ ਪੇਸ਼ ਕੀਤਾ।
ਪੀਟੀਆਈ ਦੀ ਲਖਨਊ ਤੋਂ ਪ੍ਰਾਪਤ ਰਿਪੋਰਟ: ਮੁਖਤਾਰ ਅੰਸਾਰੀ ਦੀ ਪਤਨੀ ਅਸ਼ਫ਼ਾਂ ਅੰਸਾਰੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਪੱਤਰ ਭੇਜ ਕੇ ਆਪਣੇ ਪਤੀ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਹੈ ਕਿ ਉਸ ਦੇ ਪਤੀ ਪੰਜਾਬ ਦੀ ਜੇਲ੍ਹ ਵਿੱਚ ਹਨ ਤੇ ਸੁਪਰੀਮ ਕੋਰਟ ਦੇ ਹੁਕਮ ’ਤੇ ਉਨ੍ਹਾਂ ਨੂੰ ਯੂਪੀ ਲਿਆਉਣ ਦੌਰਾਨ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਅਸ਼ਫ਼ਾਂ ਨੇ ਕਿਹਾ ਮੁਖਤਾਬ ਅੰਸਾਰੀ ਇਕ ਮਾਮਲ ਵਿੱਚ ਮੌਕੇ ਦੇ ਗਵਾਹ ਹਨ, ਜਿਸ ਵਿੱਚ ਭਾਜਪਾ ਦੇ ਵਿਧਾਨ ਪਰਿਸ਼ਦ ਮੈਂਬਰ ਤੇ ਮਾਫੀਆ ਬ੍ਰਿਜੇਸ਼ ਸਿੰਘ ਤੇ ਤ੍ਰਿਭੁਵਨ ਸਿੰਘ ਮੁਲਜ਼ਮ ਹਨ। ਅਸ਼ਫ਼ਾਂ ਮੁਤਾਬਕ ਇਹ ਦੋਵੇਂ ਸਰਕਾਰੀ ਤੰਤਰ ਨਾਲ ਕਥਿਤ ਮਿਲੀ ਭੁਗਤ ਕਰਕੇ ਉਸ ਦੇ ਪਤੀ ਨੂ ਮਾਰਨ ਦੀ ਧਮਕੀ ਦੇ ਰਹੇ ਹਨ। ਇਸ ਲਈ ਮੁਖ਼ਤਾਰ ਅੰਸਾਰੀ ਨੂੰ ਪੰਜਾਬ ਤੋਂ ਯੂਪੀ ਲਿਆਉਣ ਮੌਕੇ ਮੁਕਾਬਲੇ ਵਿੱਚ ਮਾਰਿਆ ਜਾ ਸਕਦਾ ਹੈ।